31.5 C
Jalandhar
Friday, March 29, 2024
spot_img

ਅਵਨੀਤ ਕੌਰ ਨੇ ਵਿਸ਼ਵ ਕੱਪ ’ਚ ਜਿੱਤਿਆ ਕਾਂਸੀ ਦਾ ਤਮਗ਼ਾ

ਚੰਡੀਗੜ੍ਹ, (ਗੁਰਜੀਤ ਬਿੱਲਾ)-ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਚੱਲ ਰਹੇ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ ਵਿੱਚ ਭਾਰਤ ਤਰਫੋਂ ਖੇਡਦਿਆਂ ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਅਵਨੀਤ ਨੇ ਵਿਸ਼ਵ ਕੱਪ ਵਿੱਚ ਮਹਿਲਾ ਵਰਗ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਤੀਜੇ ਸਥਾਨ ਵਾਲੇ ਮੈਚ ਵਿੱਚ ਤੁਰਕੀ ਦੀ ਤੀਰਅੰਦਾਜ਼ ਇਪੇਕ ਤੋਮੁਰਕ ਨੂੰ 147-144 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਉਤੇ ਤੀਰਅੰਦਾਜ਼ ਅਵਨੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾ ਇਸ ਪ੍ਰਾਪਤੀ ਦਾ ਸਿਹਰਾ ਤੀਰਅੰਦਾਜ਼ ਦੀ ਸਖਤ ਮਿਹਨਤ, ਲਗਨ ਤੇ ਸਮਰਪਣ ਭਾਵਨਾ ਦੇ ਨਾਲ ਉਸ ਦੇ ਕੋਚ ਅਤੇ ਮਾਪਿਆਂ ਸਿਰ ਬੰਨ੍ਹਿਆ। ਖੇਡ ਮੰਤਰੀ ਨੇ ਅਵਨੀਤ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਇਸ ਖੇਡ ਵਿੱਚ ਦੇਸ਼ ਦਾ ਭਵਿੱਖ ਹੈ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਨੰਬਰ ਇਕ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਸ ਵਾਰ ਖੇਡਾਂ ਦੇ ਬਜਟ ਵਿੱਚ ਵੀ 55 ਫੀਸਦੀ ਵਾਧਾ ਕੀਤਾ ਹੈ। ਨਵੀਂ ਖੇਡ ਨੀਤੀ ਵੀ ਜਲਦ ਆ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਦੀ ਰਹਿਣ ਵਾਲੀ ਅਵਨੀਤ ਕੌਰ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ। ਵਿਸ਼ਵ ਕੱਪ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਉਹ ਸੈਮੀ ਫ਼ਾਈਨਲ ਵਿੱਚ ਪੁੱਜੀ ਸੀ, ਜਿੱਥੇ ਉਹ ਇੰਗਲੈਂਡ ਦੀ ਤੀਰਅੰਦਾਜ਼ ਇਲ ਗਿਬਸਨ ਤੋਂ 144-146 ਨਾਲ ਹਾਰ ਗਈ। ਇਸ ਤੋਂ ਬਾਅਦ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿੱਚ ਉਸ ਨੇ ਤੁਰਕੀ ਦੀ ਤੀਰਅੰਦਾਜ਼ ਨੂੰ ਹਰਾ ਕੇ ਤਮਗ਼ਾ ਜਿੱਤਿਆ।

Related Articles

LEAVE A REPLY

Please enter your comment!
Please enter your name here

Latest Articles