ਨਿਹਾਲ ਸਿੰਘ ਵਾਲਾ (ਨਛੱਤਰ ਸੰਧੂ)-ਖੇਤ ਮਜ਼ਦੂਰ ਅਤੇ ਕਮਿਊਨਿਸਟ ਆਗੂ ਮੰਗਤ ਸਿੰਘ ਬੁੱਟਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਲੀਵਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਤੇ ਅਖੀਰ 70 ਸਾਲ ਦੀ ਉਮਰ ਵਿੱਚ ਆਖਰੀ ਸਾਹ ਲੈ ਗਏ। ਉਹਨਾ ਦੀ ਅੰਤਮ ਅਰਦਾਸ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਟੇਟ ਕੌਂਸਲ ਮੈਂਬਰ ਕੁਲਦੀਪ ਭੋਲ਼ਾ ਨੇ ਦੱਸਿਆ ਕਿ ਕਾਮਰੇਡ ਮੰਗਤ ਸਿੰਘ ਸਾਰੀ ਉਮਰ ਸੰਘਰਸ਼ਾਂ ਦਾ ਸਾਥੀ ਰਿਹਾ ਤੇ ਛੋਟੀ ਉਮਰੇ ਹੀ ਵੱਡੀਆਂ ਜ਼ਿੰਮੇਵਾਰੀਆਂ ਉਹਨਾ ਦੇ ਹਿੱਸੇ ਆਈਆਂ। ਛੋਟੇ ਉਮਰੇ ਇਹਨਾ ਦੇ ਬਾਪ ਦਾ ਹੱਥ ਸਿਰ ਤੋਂ ਚੁੱਕਿਆ ਜਾਣਾ ਬਹੁਤ ਵੱਡਾ ਹਾਦਸਾ ਸੀ। ਆਪਣੀ ਸੋਝੀ ਦੇ ਫੈਲਾਅ ਮੁਤਾਬਕ ਉਹਨਾ ਲਾਲ ਝੰਡੇ ਦੇ ਸਿਪਾਹੀ ਬਣਨਾ ਪਸੰਦ ਕੀਤਾ ਤੇ ਲੱਗਭੱਗ 19 ਸਾਲ ਦੀ ਉਮਰ ਵਿੱਚ ਪਾਰਟੀ ਦੇ ਕਾਰਡ ਹੋਲਡਰ ਬਣੇ। ਉਹਨਾ ਦਾ ਰਾਹ ਗੁਰੂ ਬਾਬੇ ਨਾਨਕ ਵਾਲਾ ਸੀ। ਉਹਨਾ ਹਰ ਇੱਕ ਦੇ ਹੱਥ ਕਿਰਤ ਹੋਵੇ, ਦੀ ਲੜਾਈ ਨੂੰ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਝ ਕੇ ਲੜਿਆ। ਉਹਨਾ ਸ਼ੁਰੂ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਵਿੱਚ ਕੰਮ ਕਰਦਿਆਂ ਹਰ ਵਾਜਬ ਮੰਗ ਨੂੰ ਪਿੰਡ ਬੁੱਟਰ ਤੋਂ ਪੂਰੇ ਦੇਸ਼ ਵਿੱਚ ਪਹੁੰਚਾਉਣ ਵਿੱਚ ਆਪਣੀ ਵਾਹ ਲਾਈ। ਉਹਨਾ ਗੱਲ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਝੰਡਾ ਹਮੇਸ਼ਾ ਉਹਨਾ ਦੇ ਮੋਢੇ ਉੱਪਰ ਰਿਹਾ, ਭਾਵੇਂ ਕਿਸੇ ਦਫ਼ਤਰ ਦਾ ਘਿਰਾਓ ਕਰਨਾ ਹੋਵੇ ਜਾਂ ਤੱਤੀਆ ਸੜਕਾਂ ’ਤੇ ਬੈਠਣਾ ਹੋਵੇ, ਮੰਗ ਪੱਤਰ ਜਾਂ ਫਿਰ ਕੋਈ ਭੁੱਖ ਹੜਤਾਲ ਹੋਵੇ ਜਾਂ ਕਿਸੇ ਮੰਗ ਨੂੰ ਲੈ ਕੇ ਗਿ੍ਰਫਤਾਰੀਆ ਦੇਣੀਆਂ ਹੋਣ, ਕਾਮਰੇਡ ਮੰਗਤ ਸਿੰਘ ਮੂਹਰਲੀਆਂ ਕਤਾਰਾਂ ਵਿੱਚ ਹੋਇਆ ਕਰਦੇ ਸਨ। ਉਹਨਾ ਪਿੰਡ ਤੋਂ ਦਿੱਲੀ ਤੱਕ ਦੇ ਅਨੇਕਾਂ ਘੋਲ ਲੜੇ ਤੇ ਜਿੱਤੇ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਿੱਚ ਕੰਮ ਕਰਦਿਆਂ ਉਹਨਾ ਸਿਰਫ਼ ਆਪਣੇ ਹੀ ਨਹੀਂ, ਬਲਕਿ ਅਨੇਕਾਂ ਪਿੰਡਾਂ ਨੂੰ ਲੱਖਾਂ ਰੁਪਏ ਦਿਵਾਏ । ਉਹ ਪਾਰਟੀ ਦੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹਨਾ ਲੱਗਭੱਗ 50 ਸਾਲ ਪਾਰਟੀ ਦੇ ਲੇਖੇ ਲਾਏ ਤੇ ਆਪਣੇ ਪੁੱਤਰਾਂ ਨੂੰ ਵੀ ਇਸੇ ਰਸਤੇ ’ਤੇ ਤੋਰਿਆ। ਉਹ ਬੇਦਾਗ਼ ਕਮਿਊਨਿਸਟ ਸਨ, ਲੋਕਾਂ ਨੇ ਉਹਨਾ ਨੂੰ ਪਿੰਡ ਦੇ ਪੰਚ ਦੇ ਰੂਪ ਵਿੱਚ ਵੀ ਨਿਵਾਜਿਆ। ਉਹ ਪਿੰਡ ਦੇ ਸਾਂਝੇ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਲੰਮਾ ਸਮਾਂ ਜ਼ਿਲ੍ਹਾ ਕੌਂਸਲ ਦੇ ਮੈਂਬਰ ਰਹੇ। ਉਹ ਹਮੇਸ਼ਾ ਸਭ ਲਈ ਵਿਦਿਆ, ਰੁਜ਼ਗਾਰ ਦੇ ਪ੍ਰਬੰਧ, ਇਲਾਜ ਦੀ ਸਹੂਲਤ ਹੋਵੇ, ਦੀ ਲੜਾਈ ਲੜਦੇ ਆਪ ਵੀ ਅਸਫ਼ਲ ਇਲਾਜ ਤੋਂ ਬਾਅਦ ਮੌਤ ਦੇ ਮੂੰਹ ਜਾ ਵੜੇ। ਸਾਨੂੰ ਅੱਜ ਕਾਮਰੇਡ ਮੰਗਤ ਸਿੰਘ ਦੀ ਆਵਾਜ਼ ਨੂੰ ਅੱਗੇ ਬੁਲੰਦ ਕਰਦਿਆਂ ਸਭ ਲਈ ਵਿਦਿਆ , ਰੁਜ਼ਗਾਰ ਦੇ ਮੌਕੇ ਤੇ ਸਭ ਦੇ ਵਧੀਆ ਇਲਾਜ ਲਈ ਹਸਪਤਾਲ ਵਿੱਚ ਸਾਡੇ ਧੀਆਂ-ਪੁੱਤਰਾਂ ਨੂੰ ਨੌਕਰੀਆਂ, ਦਵਾਈਆਂ ਤੇ ਸਮੇਂ ਤੋਂ ਪਹਿਲਾਂ ਸਭ ਦੇ ਟੈਸਟਾਂ ਦਾ ਪ੍ਰਬੰਧ ਸਰਕਾਰ ਕਰੇ, ਲਈ ਲੜਨਾ ਚਾਹੀਦਾ ਹੈ। ਉਹਨਾ ਦੇ ਜਾਣ ਦਾ ਘਾਟਾ ਜਿੱਥੇ ਪਰਵਾਰ ਨੂੰ ਹੈ, ਓਥੇ ਸਮਾਜ ਨੂੰ ਵੀ ਹੈ ਤੇ ਭਾਰਤੀ ਕਮਿਊਨਿਸਟ ਪਾਰਟੀ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ, ਕਿਉਂਕਿ ਉਹ ਇੱਕ ਚੇਤਨ ਲੀਡਰ ਸੀ। ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਨੇ ਅਸਹਿ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਮਰੇਡ ਮੰਗਤ ਸਿੰਘ ਬੁੱਟਰ ਵਰਗੇ ਸਿਰੜੀ ਯੋਧੇ ਸਮਾਜ ਦਾ ਸਰਮਾਇਆ ਹੁੰਦੇ ਹਨ, ਉਹਨਾ ਦਾ ਜਾਣਾ ਬਹੁਤ ਵੱਡਾ ਘਾਟਾ ਹੈ। ਉਹਨਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਹੀ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਪਰਵਾਰ ਨੇ ਪੁੱਜੇ ਹੋਏ ਲੋਕਾਂ ਨੂੰ ਬੂਟੇ ਵੰਡੇ। ਇਸ ਮੌਕੇ ਕਾਮਰੇਡ ਜਗਰੂਪ (ਕੌਮੀ ਕੌਂਸਲ ਮੈਂਬਰ ਸੀ ਪੀ ਆਈ), ਕਰਮਵੀਰ ਬੱਧਨੀ (ਵਿਦਿਆਰਥੀਆਂ ਦੇ ਸਾਬਕਾ ਕੌਮੀ ਆਗੂ), ਜਗਜੀਤ ਸਿੰਘ (ਸ਼ਿਕਾਇਤ ਕਮੇਟੀ ਮੈਂਬਰ ਸੀ ਪੀ ਆਈ ਪੰਜਾਬ), ਜਗਸੀਰ ਖੋਸਾ (ਸੂਬਾ ਸਕੱਤਰ ਨਰੇੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ), ਸ਼ੇਰ ਸਿੰਘ ਦੌਲਤਪੁਰਾ ਸਰਪੰਚ (ਸੂਬਾ ਆਗੂ ਪੰਜਾਬ ਖੇਤ ਮਜ਼ਦੂਰ ਸਭਾ), ਸੂਰਤ ਸਿੰਘ ਧਰਮਕੋਟ (ਸੂਬਾ ਆਗੂ ਕੁੱਲ ਹਿੰਦ ਕਿਸਾਨ ਸਭਾ), ਮਹਿੰਦਰ ਸਿੰਘ ਧੂੜਕੋਟ (ਜ਼ਿਲ੍ਹਾ ਆਗੂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ), ਡਾਕਟਰ ਇੰਦਰਵੀਰ ਗਿੱਲ, ਹਰਬੰਸ ਢਿੱਲੋਂ , ਬਲਵਿੰਦਰ ਬੋਹਨਾ , ਗੁਰਦਿੱਤ ਦੀਨਾ, ਇਕਬਾਲ ਤਖਾਣਬੱਧ, ਸੁਖਜੀਤ ਸੀਤਾ, ਸਿਕੰਦਰ ਮਧੇਕੇ, ਜਗਵਿੰਦਰ ਕਾਕਾ (ਜਿਲ੍ਹਾ ਪ੍ਰਧਾਨ ਨੌਜਵਾਨ ਸਭਾ) ਤੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਹਾਜ਼ਰੀ ਲਵਾਈ।