ਨਵੀਂ ਦਿੱਲੀ : ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟਾਂ ਨੂੰ ਬੈਂਕਾਂ ਵਿੱਚੋਂ ਬਦਲਾਉਣ ਲਈ ਕਿਸੇ ਤਰ੍ਹਾਂ ਦਾ ਫਾਰਮ ਜਾਂ ਹੋਰ ਪਰਚੀ ਭਰਨ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਸ਼ਨਾਖਤੀ ਕਾਰਡ ਵਿਖਾਉਣਾ ਹੋਵੇਗਾ। ਭਾਰਤੀ ਸਟੇਟ ਬੈਂਕ ਨੇ ਆਪਣੇ ਸਾਰੇ ਮੁਕਾਮੀ ਮੁੱਖ ਦਫਤਰਾਂ ਨੂੰ ਭੇਜੇ ਪੱਤਰ ’ਚ ਸਾਫ ਕਰ ਦਿੱਤਾ ਹੈ ਕਿ 2000 ਰੁਪਏ ਦੇ ਨੋਟ ਬਦਲਵਾਉਣ ਲਈ ਆਏ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਪਰਚੀ ਭਰਨ ਲਈ ਨਾ ਆਖਿਆ ਜਾਵੇ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਕੇਂਦਰੀ ਬੈਂਕ ਨੇ ਕਿਹਾ ਸੀ ਕਿ ਇਕ ਦਿਨ ’ਚ ਇਕ ਵਿਅਕਤੀ ਨੂੰ ਵੱਧ ਤੋਂ ਵੱਧ 20 ਹਜਾਰ ਰੁਪਏ ਭਾਵ 2000 ਰੁਪਏ ਦੇ ਦਸ ਨੋਟ ਬਦਲਾਉਣ ਦੀ ਹੀ ਖੁੱਲ੍ਹ ਰਹੇਗੀ। ਅਜਿਹੇ ਨੋਟਾਂ ਨੂੰ ਆਪਣੇ ਖਾਤੇ ’ਚ ਜਮ੍ਹਾਂ ਕਰਨ ਬਾਰੇ ਰਿਜ਼ਰਵ ਬੈਂਕ ਨੇ ਭਾਵੇਂ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ, ਪਰ ਇਹ ਕੇ ਵਾਈ ਸੀ (ਆਪਣੇ ਗਾਹਕ ਨੂੰ ਜਾਣੋ) ਦੇ ਮੌਜੂਦਾ ਨਿਯਮਾਂ ਅਤੇ ਹੋਰ ਲਾਗੂ ਕਾਨੂੰਨੀ ਲੋੜਾਂ ਦੀ ਪਾਲਣਾ ਦੇ ਅਧੀਨ ਹੋਵੇਗਾ। ਨੋਟ ਜਮ੍ਹਾਂ ਕਰਵਾਉਣ ਜਾਂ ਬਦਲਣ ਲਈ ਲੋਕਾਂ ਨੂੰ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।