ਭਲਵਾਨਾਂ ਦੇ ਹੱਕ ’ਚ 28 ਨੂੰ ਦਿੱਲੀ ’ਚ ਮਹਿਲਾ ਮਹਾਂ ਪੰਚਾਇਤ

0
295

ਰੋਹਤਕ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਦਿੱਲੀ ਦੇ ਜੰਤਰ-ਮੰਤਰ ’ਚ ਧਰਨਾ ਦੇ ਰਹੇ ਭਲਵਾਨਾਂ ਦੇ ਹੱਕ ਵਿਚ ਐਤਵਾਰ ਇਥੇ ਮੇਹਮ ਚੌਬੀਸੀ ਦੇ ਇਤਿਹਾਸਕ ਚਬੂਤਰੇ ’ਤੇ ਪੰਜ ਘੰਟੇ ਚੱਲੀ ਸਰਬ ਖਾਪ ਮਹਾਂਪੰਚਾਇਤ ਵਿਚ ਹਰਿਆਣਾ ਤੇ ਯੂ ਪੀ ਤੋਂ ਇਲਾਵਾ ਹੋਰਨਾਂ ਰਾਜਾਂ ਦੇ ਖਾਪ ਨੁਮਾਇੰਦੇ ਪੁੱਜੇ। ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਧਰਨਾ ਦੇਣ ਵਾਲੇ ਭਲਵਾਨ ਵੀ ਮੌਜੂਦ ਸਨ। ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਭਲਵਾਨਾਂ ਦੀ ਹਮਾਇਤ ’ਚ 23 ਮਈ ਨੂੰ ਦਿੱਲੀ ’ਚ ਕੈਂਡਲ ਮਾਰਚ ਕੱਢਿਆ ਜਾਵੇਗਾ। ਇੰਡੀਆ ਗੇਟ ਤੋਂ ਸ਼ਾਮ ਪੰਜ ਵਜੇ ਸ਼ੁਰੂ ਹੋਣ ਵਾਲੇ ਕੈਂਡਲ ਮਾਰਚ ’ਚ ਦੇਸ਼ ਭਰ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ 28 ਮਈ ਨੂੰ ਨਵੇਂ ਸੰਸਦ ਭਵਨ ਕੰਪਲੈਕਸ ’ਚ ਖਾਪਾਂ ਦੀ ਮਹਿਲਾ ਮਹਾਂਪੰਚਾਇਤ ਹੋਵੇਗੀ, ਜਿਸ ਵਿਚ ਦੇਸ਼ ਭਰ ਤੋਂ ਮਹਿਲਾਵਾਂ ਦੇ ਇਲਾਵਾ ਖਾਪ ਤੇ ਕਿਸਾਨ ਬੀਬੀਆਂ ਦੀਆਂ ਆਗੂ ਵੀ ਪੁੱਜਣਗੀਆਂ। ਮਹਿਲਾ ਮਹਾਂਪੰਚਾਇਤ ਭਲਵਾਨਾਂ ਨਾਲ ਮਿਲ ਕੇ ਜੋ ਵੀ ਫੈਸਲਾ ਲਵੇਗੀ, ਉਹ ਸਾਰੀਆਂ ਖਾਪਾਂ ਨੂੰ ਮਨਜ਼ੂਰ ਹੋਵੇਗਾ ਅਤੇ ਫੈਸਲੇ ਦੇ ਪੰਜ ਘੰਟਿਆਂ ਦੇ ਵਿਚ-ਵਿਚ ਸਾਰੀਆਂ ਖਾਪਾਂ ਤੋਂ ਵੱਧ ਤੋਂ ਵੱਧ ਲੋਕ ਦਿੱਲੀ ਪੁੱਜ ਜਾਣਗੇ। ਸਰਬ ਖਾਪ ਮਹਾਂਪੰਚਾਇਤ ਨੇ ਬਿ੍ਰਜ ਭੂਸ਼ਣ ਦਾ ਨਾਰਕੋ ਟੈੱਸਟ ਕਰਾਉਣ ਦੀ ਮੰਗ ਵੀ ਕੀਤੀ ਗਈ, ਤਾਂ ਕਿ ਲੋਕਾਂ ਦਾ ਭਰਮ ਦੂਰ ਹੋ ਸਕੇ ਤੇ ਉਸ ਦੀ ਗਿ੍ਰਫਤਾਰੀ ਕੀਤੀ ਜਾ ਸਕੇ। ਮਹਾਂਪੰਚਾਇਤ ’ਚ ਪੁੱਜੀ ਕੌਮਾਂਤਰੀ ਭਲਵਾਨ ਸਾਕਸ਼ੀ ਮਲਿਕ ਨੇ ਸਾਰੀਆਂ ਖਾਪਾਂ ਨੂੰ ਹੱਥ ਜੋੜ ਕੇ ਕਿਹਾ ਕਿ ਇਹ ਉਨ੍ਹਾਂ ਦੀ ਇੱਜ਼ਤ ਦੀ ਲੜਾਈ ਹੈ। ਜੇ ਇਸ ਵਿਚ ਉਹ ਗਲਤ ਹੋਣ ਤਾਂ ਉਨ੍ਹਾਂ ਨੂੰ ਜੋ ਮਰਜ਼ੀ ਸਜ਼ਾ ਦੇ ਦਿਓ। ਮਹਾਂਪੰਚਾਇਤ ਵਿਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦਾ ਵੀ ਮੁੱਦਾ ਉੱਠਿਆ, ਜਿਸ ਵਿਰੁੱਧ ਜੂਨੀਅਰ ਮਹਿਲਾ ਕੋਚ ਨੇ ਸੈਕਸੁਅਲ ਹਰਾਸਮੈਂਟ ਦਾ ਕੇਸ ਦਰਜ ਕਰਵਾ ਰੱਖਿਆ ਹੈ। ਖਾਪ ਪੰਚਾਇਤਾਂ ਨੇ 7 ਮਈ ਨੂੰ ਜੰਤਰ-ਮੰਤਰ ਵਿਚ ਮੀਟਿੰਗ ਕਰਕੇ ਕੇਂਦਰ ਸਰਕਾਰ ਨੂੰ ਬਿ੍ਰਜ ਭੂਸ਼ਣ ਖਿਲਾਫ 20 ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ। ਕੇਂਦਰ ਸਰਕਾਰ ਜਾਂ ਦਿੱਲੀ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਮੇਹਮ ਚੌਬੀਸੀ ਦੇ ਚਬੂਤਰੇ ’ਤੇ ਸਰਬ ਖਾਪ ਮਹਾਂਪੰਚਾਇਤ ਸੱਦੀ ਗਈ ਸੀ।

LEAVE A REPLY

Please enter your comment!
Please enter your name here