ਬੇਂਗਲੁਰੂ ਦਾ ਸੁਨੇਹਾ

0
254

ਕਰਨਾਟਕ ’ਚ ਕਾਂਗਰਸ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਆਪੋਜ਼ੀਸ਼ਨ ਏਕਤਾ ਦੇ ਮੁਜ਼ਾਹਰੇ ਦਾ ਮੰਚ ਬਣ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸੱਦੇ ’ਤੇ ਕਈ ਰਾਜਾਂ ਦੇ ਮੁੱਖ ਮੰਤਰੀ ਤੇ ਆਪੋਜ਼ੀਸ਼ਨ ਆਗੂ ਸ਼ਨੀਵਾਰ ਬੇਂਗਲੁਰੂ ਪੁੱਜੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਸਪਾ ਪ੍ਰਧਾਨ ਮਾਇਆਵਤੀ ਨੂੰ ਸੱਦਿਆ ਨਹੀਂ ਗਿਆ ਸੀ। ਕਾਂਗਰਸ ਇਸ ਮੌਕੇ ਦੀ ਵਰਤੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਕਰਨਾ ਚਾਹੁੰਦੀ ਸੀ। ਕਰਨਾਟਕ ਵਿਚ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਕਾਂਗਰਸ ਚਾਹੁੰਦੀ ਸੀ ਕਿ ਲੋਕਾਂ ਨੂੰ ਆਪੋਜ਼ੀਸ਼ਨ ਏਕਤਾ ਦਾ ਇਕ ਸਪੱਸ਼ਟ ਸੁਨੇਹਾ ਦੇਣਾ ਜ਼ਰੂਰੀ ਹੈ। ਭਾਜਪਾ ਨੇ ਕਰਨਾਟਕ ਚੋਣਾਂ ਨੂੰ ਇਕ ਤਰ੍ਹਾਂ ਨਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਹਿਸਾਬ ਨਾਲ ਪਲਾਨ ਕੀਤਾ ਸੀ, ਪਰ ਹੁਣ ਆਪੋਜ਼ੀਸ਼ਨ ਪਾਰਟੀਆਂ ਬੇਂਗਲੁਰੂ ਦੇ ਸਮਾਗਮ ਤੋਂ ਬਾਅਦ 2024 ਲਈ ਪੂਰੀ ਤਿਆਰੀ ਫੜ ਲੈਣਗੀਆਂ। ਭਾਜਪਾ ਨਾਲ ਟੱਕਰ ਲੈਣ ਲਈ ਤਿਆਰ ਤਕਰੀਬਨ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਸਹੁੰ ਚੁੱਕ ਸਮਾਗਮ ਵਿਚ ਪੁੱਜੇ। ਇਨ੍ਹਾਂ ਵਿਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਜਦ ਦੇ ਵੱਡੇ ਆਗੂ ਤੇਜਸਵੀ ਯਾਦਵ, ਐੱਨ ਸੀ ਪੀ ਪ੍ਰਧਾਨ ਸ਼ਰਦ ਪਵਾਰ, ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਵਾਮੀ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਤੇ ਪੀ ਡੀ ਪੀ ਆਗੂ ਮਹਿਬੂਬਾ ਮੁਫ਼ਤੀ ਖਾਸ ਤੌਰ ’ਤੇ ਵਰਨਣਯੋਗ ਹਨ। ਇਨ੍ਹਾਂ ਆਗੂਆਂ ਵੱਲੋਂ ਪ੍ਰਗਟਾਈ ਗਈ ਇਕਜੁਟਤਾ ਦਾ ਸੁਨੇਹਾ ਸਪੱਸ਼ਟ ਹੈ। ਤਿ੍ਰਣਮੂਲ ਕਾਂਗਰਸ, ਜਿਹੜੀ ਕਾਂਗਰਸ ਨੂੰ ਪਸੰਦ ਨਹੀਂ ਕਰ ਰਹੀ ਸੀ, ਵੀ ਹੁਣ ਕਾਂਗਰਸ ਵੱਲ ਝੁਕਦੀ ਨਜ਼ਰ ਆ ਰਹੀ ਹੈ। ਮਮਤਾ ਬੈਨਰਜੀ ਖੁਦ ਤਾਂ ਨਹੀਂ ਪੁੱਜੀ, ਪਰ ਉਨ੍ਹਾ ਆਪਣੇ ਨੁਮਾਇੰਦੇ ਨੂੰ ਭੇਜਿਆ। ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਤੇ ਸ਼ਿਵ ਸੈਨਾ ਦੇ ਊਧਵ ਠਾਕਰੇ ਖੁਦ ਨਹੀਂ ਆਏ, ਪਰ ਉਨ੍ਹਾਂ ਆਪਣਾ ਨੁਮਾਇੰਦਾ ਭੇਜ ਕੇ ਪਾਰਟੀ ਦੀ ਹਾਜ਼ਰੀ ਲੁਆਈ। ਨਿਤੀਸ਼ ਨੇ ਜਿਹੜੀ ਗੱਲ ਬਹੁਤ ਪਹਿਲਾਂ ਕਹੀ ਸੀ, ਉਹ ਸੱਚ ਸਾਬਤ ਹੋ ਰਹੀ ਹੈ। ਉਨ੍ਹਾ ਕਿਹਾ ਸੀ ਕਿ ਕਾਂਗਰਸ ਦੇ ਬਿਨਾਂ ਆਪੋਜ਼ੀਸ਼ਨ ਏਕਤਾ ਨਹੀਂ ਹੋ ਸਕਦੀ। ਹੁਣ 2024 ਦੀ ਤਸਵੀਰ ਸਾਫ ਹੋ ਰਹੀ ਹੈ। ਬਿਹਾਰ ਵਿਚ ਛੇਤੀ ਹੀ ਹੋਣ ਵਾਲੀ ਆਪੋਜ਼ੀਸ਼ਨ ਪਾਰਟੀਆਂ ਦੀ ਰੈਲੀ ਤਸਵੀਰ ਨੂੰ ਹੋਰ ਵੀ ਸਾਫ ਕਰੇਗੀ। ਕਾਂਗਰਸ ਬਹੁਤ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਆਪੋਜ਼ੀਸ਼ਨ ਏਕਤਾ ਲਈ ਕਿਸੇ ਵੀ ਕੋਸ਼ਿਸ਼ ਨੂੰ ਨਹੀਂ ਛੱਡੇਗੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੋਦੀ ਦੀ ਤਾਨਾਸ਼ਾਹੀ ਨੂੰ ਹਰਾਉਣ ਲਈ ਕਾਂਗਰਸ ਤੇ ਉਸ ਦੀਆਂ ਹਮਖਿਆਲ ਪਾਰਟੀਆਂ ਸੀਟਾਂ ਦੀ ਵੰਡ ਆਮ ਸਹਿਮਤੀ ਨਾਲ ਕਿੰਨੀ ਛੇਤੀ ਕਰਦੀਆਂ ਹਨ। ਮੋਦੀ ਤੇ ਸ਼ਾਹ ਦੀ ਜੋੜੀ ਤਾਂ ਹਰ ਵੇਲੇ ਚੋਣ ਵਾਲੇ ਰੌਂਅ ਵਿਚ ਰਹਿੰਦੀ ਹੈ। ਆਪੋਜ਼ੀਸ਼ਨ ਨੂੰ ਵੀ ਛੇਤੀ ਤੋਂ ਛੇਤੀ ਸਾਂਝੀ ਮੁਹਿੰਮ ਦਾ ਆਗਾਜ਼ ਕਰਨਾ ਪੈਣਾ।

LEAVE A REPLY

Please enter your comment!
Please enter your name here