ਚੰਡੀਗੜ੍ਹ, (ਗੁਰਜੀਤ ਬਿੱਲਾ) -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਦੇ ਅਧਿਕਾਰ ਸਿਰਫ ਇਕ ਚੈਨਲ ਨੂੰ ਦਿੱਤੇ ਜਾਣ ਦੇ ਤਰਕ ’ਤੇ ਸਵਾਲ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਤਿ-ਆਧੁਨਿਕ ਤਕਨਾਲੋਜੀ ਵਾਲੇ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ, ਤਾਂ ਜੋ ਗੁਰਬਾਣੀ ਦਾ ਸਾਰੇ ਚੈਨਲਾਂ ’ਤੇ ਮੁਫਤ ਪ੍ਰਸਾਰਨ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ‘ਸਰਬ ਸਾਂਝੀ ਗੁਰਬਾਣੀ’ ਦਾ ਪ੍ਰਚਾਰ ਤੇ ਪਸਾਰ ਵਿਸ਼ਵ ਭਰ ਵਿੱਚ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਲਈ ਸਿਰਫ ਇਕ ਚੈਨਲ ਨੂੰ ਹੀ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਹ ਅਧਿਕਾਰ ਕਿਸੇ ਇਕ ਚੈਨਲ ਤੱਕ ਸੀਮਤ ਕਰਨ ਦੀ ਬਜਾਏ ਸਾਰੇ ਚੈਨਲਾਂ ਨੂੰ ਮੁਫਤ ਵਿੱਚ ਦਿੱਤੇ ਜਾਣੇ ਚਾਹੀਦੇ ਹਨ। ਉਹਨਾ ਕਿਹਾ ਕਿ ਇਹ ਉਪਰਾਲਾ ਦੇਸ਼-ਵਿਦੇਸ਼ ਵਿੱਚ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਅਨੰਦਮਈ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਉਨ੍ਹਾ ਕਿਹਾ ਕਿ ਇਸ ਨਾਲ ਲੋਕ ਆਪਣੇ ਟੀ ਵੀ. ਸੈੱਟ ਜਾਂ ਹੋਰ ਉਪਕਰਨਾਂ ਰਾਹੀਂ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰ ਵੀ ਕਰ ਸਕਣਗੇ। ਪੰਜਾਬ ਸਰਕਾਰ ਸਾਰੇ ਚੈਨਲਾਂ ’ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਲਈ ਹਾਈਟੈਕ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ। ਉਹਨਾ ਕਿਹਾ ਕਿ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾ ਕਿਹਾ ਕਿ ਗੁਰਬਾਣੀ ਦੀ ਪਹੁੰਚ ਨੂੰ ਇਕ ਮਾਧਿਅਮ ਤੱਕ ਸੀਮਤ ਕਰਨ ਦੀ ਬਜਾਏ ਹਰ ਚੈਨਲ ਨੂੰ ਮੁਫਤ ਪ੍ਰਸਾਰਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।





