ਬੰਗਾਲੀ ਬੋਲਣ ਵਾਲਿਆਂ ਦੀਆਂ ਵੋਟਾਂ ’ਤੇ ਫੇਰੀ ਜਾ ਰਹੀ ਹੈ ਲਕੀਰ : ਮਮਤਾ

0
6

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਅਤੇ ਚੋਣ ਕਮਿਸ਼ਨ ’ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਵਿਸ਼ੇਸ਼ ਸੁਧਾਰ ਪ੍ਰਕਿਰਿਆ ਦੇ ਨਾਂਅ ’ਤੇ ਵੋਟਰ ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਨਾਂਅ ਕੱਟਣਾ ਸੂਬੇ ਨੂੰ ਵੰਡਣ ਦੀ ਇੱਕ ਡੂੰਘੀ ਸਾਜ਼ਿਸ਼ ਹੈ। ਕੋਲਕਾਤਾ ਵਿੱਚ ਚੱਲ ਰਹੇ ਆਪਣੇ ਧਰਨੇ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਉਨ੍ਹਾ ਦਾਅਵਾ ਕੀਤਾ ਕਿ ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਕਈ ਜਿਊਂਦੇ ਵੋਟਰਾਂ ਨੂੰ ਕਾਗਜ਼ਾਂ ਵਿੱਚ ‘ਮਿ੍ਰਤਕ’ ਦਿਖਾ ਕੇ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਉਹ ਜਲਦੀ ਹੀ ਮੀਡੀਆ ਅਤੇ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਤੋਂ ਹੁਣ ਤੱਕ ਲਗਭਗ 63.66 ਲੱਖ ਵੋਟਰਾਂ ਦੇ ਨਾਂਅ ਕੱਟੇ ਗਏ ਹਨ, ਜੋ ਕਿ ਕੁੱਲ ਵੋਟਰਾਂ ਦਾ 8.3 ਫੀਸਦੀ ਬਣਦਾ ਹੈ। ਇਸ ਤੋਂ ਇਲਾਵਾ 60 ਲੱਖ ਤੋਂ ਵੱਧ ਵੋਟਰਾਂ ਦੀ ਯੋਗਤਾ ਅਜੇ ਵੀ ਕਾਨੂੰਨੀ ਜਾਂਚ ਦੇ ਘੇਰੇ ਵਿੱਚ ਹੈ।