ਤਹਿਰਾਨ : ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਅਮਰੀਕਾ ਦੀ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਖ਼ਤ ਲਹਿਜੇ ਵਿੱਚ ਕਿਹਾ ਹੈ ਕਿ ਅਜਿਹਾ ਕਰਨਾ ਅਮਰੀਕਾ ਦਾ ਇੱਕ ਅਜਿਹਾ ਖ਼ੁਆਬ ਹੈ, ਜਿਸ ਨੂੰ ਉਨ੍ਹਾਂ ਨੂੰ ਆਪਣੀ ਕਬਰ ਤੱਕ ਨਾਲ ਲੈ ਕੇ ਜਾਣਾ ਪਵੇਗਾ। ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਤ ਇੱਕ ਸੰਬੋਧਨ ਦੌਰਾਨ ਪੇਜੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਈਰਾਨ ਕਿਸੇ ਵੀ ਦਬਾਅ ਅੱਗੇ ਝੁਕਣ ਵਾਲਾ ਨਹੀਂ।
ਦੂਜੇ ਪਾਸੇ ਰਾਸ਼ਟਰਪਤੀ ਨੇ ਖੇਤਰੀ ਦੇਸ਼ਾਂ ’ਤੇ ਈਰਾਨ ਵੱਲੋਂ ਕੀਤੇ ਗਏ ਹਮਲਿਆਂ ਲਈ ਜਨਤਕ ਤੌਰ ’ਤੇ ਮੁਆਫੀ ਵੀ ਮੰਗੀ ਹੈ। ਉਨ੍ਹਾ ਸੰਕੇਤ ਦਿੱਤਾ ਕਿ ਬਹਿਰੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ’ਤੇ ਹੋਏ ਇਹ ਹਮਲੇ ਫੌਜੀ ਅਧਿਕਾਰੀਆਂ ਵਿਚਕਾਰ ‘ਸੂਚਨਾ ਦੇ ਗਲਤ ਸੰਚਾਰ’ ਕਾਰਨ ਹੋਏ ਸਨ। ਉਨ੍ਹਾ ਭਰੋਸਾ ਦਿੱਤਾ ਕਿ ਤਹਿਰਾਨ ਹੁਣ ਇਨ੍ਹਾਂ ਹਮਲਿਆਂ ਨੂੰ ਰੋਕ ਦੇਵੇਗਾ। ਇਸ ਤੋਂ ਪਹਿਲਾਂ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਤਹਿਰਾਨ ਅਤੇ ਲਿਬਨਾਨ ਦੀ ਰਾਜਧਾਨੀ ਬੈਰੂਤ ’ਤੇ ਭਾਰੀ ਬੰਬਾਰੀ ਕੀਤੀ, ਜਿਸ ਵਿੱਚ ਹੁਣ ਤੱਕ ਈਰਾਨ ਵਿੱਚ 1,200 ਤੋਂ ਵੱਧ ਅਤੇ ਲਿਬਨਾਨ ਵਿੱਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਟਰੰਪ ਨੇ ਕਹਿ ਦਿੱਤਾ ਹੈ ਕਿ ਉਹ ਈਰਾਨ ਦੇ ਅਗਲੇ ਸਰਵਉੱਚ ਨੇਤਾ ਦੀ ਚੋਣ ਵਿੱਚ ਵੀ ਦਖ਼ਲ ਦੇਣਗੇ। ਇਸ ਦੌਰਾਨ ਖ਼ਬਰਾਂ ਹਨ ਕਿ ਰੂਸ ਨੇ ਈਰਾਨ ਨੂੰ ਅਮਰੀਕੀ ਜੰਗੀ ਜਹਾਜ਼ਾਂ ’ਤੇ ਹਮਲਾ ਕਰਨ ਲਈ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਹੈ, ਜਿਸ ਨਾਲ ਜੰਗ ਦੇ ਹੋਰ ਫੈਲਣ ਦਾ ਖਤਰਾ ਵਧਾ ਦਿੱਤਾ ਹੈ। ਈਰਾਨ ਨੇ ਵੀ ਇਜ਼ਰਾਈਲ ਅਤੇ ਖਾੜੀ ਦੇ ਹੋਰ ਦੇਸ਼ਾਂ ’ਤੇ ਜਵਾਬੀ ਮਿਜ਼ਾਈਲ ਹਮਲੇ ਕੀਤੇ ਹਨ, ਜਿਸ ਕਾਰਨ ਯੇਰੂਸ਼ਲਮ ਅਤੇ ਬਹਿਰੀਨ ਵਰਗੇ ਇਲਾਕਿਆਂ ਵਿੱਚ ਖ਼ਤਰੇ ਦੇ ਸਾਇਰਨ ਗੂੰਜ ਰਹੇ ਹਨ।
ਕਤਰ ਦੇ ਊਰਜਾ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਜੰਗ ਜਾਰੀ ਰਹੀ ਤਾਂ ਤੇਲ ਦੀਆਂ ਕੀਮਤਾਂ 150 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ, ਜੋ ਵਿਸ਼ਵ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੀਆਂ। ਪਹਿਲਾਂ ਹੀ ਅਮਰੀਕੀ ਕੱਚਾ ਤੇਲ 90 ਡਾਲਰ ਦੇ ਪਾਰ ਪਹੁੰਚ ਚੁੱਕਾ ਹੈ।




