ਚੰਡੀਗੜ੍ਹ : ਰਾਹੁਲ ਗਾਂਧੀ ਨੇ ਸੋਮਵਾਰ ਰਾਤ ਮੂਰਥਲ ਤੋਂ ਅੰਬਾਲਾ ਤੱਕ ਟਰੱਕ ਦੀ ਸਵਾਰੀ ਕਰਕੇ ਡਰਾਈਵਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹ ਰਾਤ ਕਰੀਬ 11 ਵਜੇ ਹਰਿਆਣਾ ਦੇ ਮੂਰਥਲ ਪਹੁੰਚੇ। ਉਥੋਂ ਉਹ ਟਰੱਕ ’ਤੇ ਚੜ੍ਹ ਕੇ ਅੰਬਾਲਾ ਪਹੁੰਚੇ। ਉਹ ਮਾਤਾ ਸੋਨੀਆ ਗਾਂਧੀ ਕੋਲ ਸ਼ਿਮਲਾ ਜਾ ਰਹੇ ਸਨ। ਕਾਂਗਰਸੀ ਕਾਰਕੁੰਨਾਂ ਨੇ ਦੱਸਿਆ ਕਿ ਰਾਹੁਲ ਟਰੱਕ ’ਚੋਂ ਮੰਗਲਵਾਰ ਸਵੇਰੇ ਸਾਢੇ ਪੰਜ ਵਜੇ ਅੰਬਾਲਾ ਸਿਟੀ ਦੇ ਸ੍ਰੀ ਮੰਜੀ ਸਾਹਿਬ ਗੁਰਦੁਆਰੇ ਕੋਲ ਰੁਕਵਾਇਆ। ਗੁਰਦੁਆਰੇ ਵਿਚ ਮੱਥਾ ਟੇਕਿਆ ਤੇ ਪ੍ਰਸਾਦ ਲਿਆ। ਰਾਹੁਲ ਦੇ ਸਫਰ ਦਾ ਵੀਡੀਓ ਕਾਂਗਰਸ ਆਗੂ ਸੁਪਿ੍ਰਆ ਸ੍ਰੀਨੇਤ ਨੇ ਸ਼ੇਅਰ ਕੀਤਾ। ਕਾਂਗਰਸ ਪਾਰਟੀ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੇਸ਼ ਵਿਚ ਲੱਗਭੱਗ 90 ਲੱਖ ਟਰੱਕ ਡਰਾਈਵਰ ਹਨ। ਇਨ੍ਹਾਂ ਸਭ ਦੀਆਂ ਆਪਣੀਆਂ ਸਮੱਸਿਆਵਾਂ ਹਨ। ਰਾਹੁਲ ਨੇ ਟਰੱਕ ਡਰਾਈਵਰਾਂ ਦੀ ‘ਮਨ ਕੀ ਬਾਤ’ ਸੁਣਨ ਦਾ ਕੰਮ ਕੀਤਾ ਹੈ। ਡਰਾਈਵਰਾਂ ਨੂੰ ਦਿਨ-ਰਾਤ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ਕਈ ਪ੍ਰੇਸ਼ਾਨੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਮਝਣ ਲਈ ਰਾਹੁਲ ਇਨ੍ਹਾਂ ਵਿਚ ਪੁੱਜੇ। ਸੁਪਿ੍ਰਆ ਸ੍ਰੀਨੇਤ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ-ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ, ਸਿਵਲ ਸਰਵਿਸ ਦੀ ਤਿਆਰੀ ਕਰ ਰਹੇ ਨੌਜਵਾਨਾਂ ਨਾਲ, ਕਿਸਾਨਾਂ ਨਾਲ, ਡਿਲੀਵਰੀ ਪਾਰਟਨਰਾਂ ਨਾਲ, ਬੱਸ ਵਿਚ ਆਮ ਨਾਗਰਿਕਾਂ ਨਾਲ ਅਤੇ ਹੁਣ ਅੱਧੀ ਰਾਤ ਨੂੰ ਟਰੱਕ ਡਰਾਈਵਰਾਂ ਨਾਲ ਆਖਰ ਕਿਉ ਮਿਲ ਰਹੇ ਹਨ ਰਾਹੁਲ ਗਾਂਧੀ? ਕਿਉਕਿ ਉਹ ਇਸ ਦੇਸ਼ ਦੇ ਲੋਕਾਂ ਦੀ ਗੱਲ ਸੁਣਨਾ ਚਾਹੁੰਦੇ ਹਨ, ਉਨ੍ਹਾਂ ਦੀਆਂ ਚੁਣੌਤੀਆਂ ਤੇ ਪ੍ਰੇਸ਼ਾਨੀਆਂ ਨੂੰ ਸਮਝਣਾ ਚਾਹੁੰਦੇ ਹਨ। ਉਨ੍ਹਾ ਨੂੰ ਅਜਿਹਾ ਕਰਦਿਆਂ ਦੇਖ ਇਕ ਵਿਸ਼ਵਾਸ ਜਿਹਾ ਝਲਕਦਾ ਹੈ। ਕੋਈ ਤਾਂ ਹੈ ਜੋ ਲੋਕਾਂ ਦੇ ਨਾਲ ਖੜ੍ਹਾ ਹੈ, ਕੋਈ ਤਾਂ ਹੈ ਜੋ ਉਨ੍ਹਾਂ ਦੇ ਬਿਹਤਰ ਕੱਲ੍ਹ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ, ਕੋਈ ਤਾਂ ਹੈ ਜੋ ਨਫਰਤ ਦੇ ਬਾਜ਼ਾਰ ਵਿਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹੈ। ਹੌਲੀ-ਹੌਲੀ ਇਹ ਅਹਿਸਾਸ ਹੋ ਰਿਹਾ ਹੈ ਕਿ ਇਹ ਦੇਸ਼ ਪਰਤ ਜਾਣਾ ਚਾਹੁੰਦਾ ਹੈ, ਮੁਹੱਬਤ ਤੇ ਅਮਨ ਦੇ ਰਾਹ ’ਤੇ, ਹੌਲੀ ਜਿਹੇ ਇਹ ਦੇਸ਼ ਆਖਰ ਚੱਲ ਹੀ ਪਿਆ ਹੈ ਰਾਹੁਲ ਗਾਂਧੀ ਦੇ ਨਾਲ। ਸੋਨੀਆ ਗਾਂਧੀ ਇਨ੍ਹੀਂ ਦਿਨੀਂ ਸ਼ਿਮਲਾ ਤੋਂ 14 ਕਿਲੋਮੀਟਰ ਦੂਰ ਛਰਾਬੜਾ ਵਿਚ ਪਿ੍ਰਅੰਕਾ ਗਾਂਧੀ ਦੇ ਫਾਰਮ ਹਾਊਸ ਵਿਚ ਹਨ।