ਜਲੰਧਰ (ਰਾਜੇਸ਼ ਥਾਪਾ, ਸ਼ੈਲੀ ਐਲਬਰਟ, ਇਕਬਾਲ ਉੱਭੀ)-ਸਾਹਿਤਕ ਹਲਕਿਆਂ ਦੀ ਜਿੰਦ-ਜਾਨ, ਸ਼੍ਰੋਮਣੀ ਸਾਹਿਤਕਾਰ, ਸਿੱਖਿਆ ਸ਼ਾਸਤਰੀ ਤੇ ਕਾਲਮ ਨਵੀਸ ਪ੍ਰੋ. ਪਿਆਰਾ ਸਿੰਘ ਭੋਗਲ (92) ਦਾ ਮੰਗਲਵਾਰ ਰਾਤ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾ ਦਾ ਅੰਤਮ ਸਸਕਾਰ 25 ਮਈ ਨੂੰ ਸ਼ਾਮ 5 ਵਜੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਚ ਹੋਵੇਗਾ। ਉਨ੍ਹਾ ਦੇ ਸਪੁੱਤਰਾਂ ਪ੍ਰੋ. ਹਿਰਦੇਜੀਤ ਸਿੰਘ ਅਤੇ ਪ੍ਰੇਮਪਾਲ ਸਿੰਘ ਮੁਤਾਬਕ ਉਨ੍ਹਾ ਦਾ ਦਿਹਾਂਤ ਕੋਰੋਨਾ ਕਾਰਨ ਹੋਇਆ ਹੈ ਅਤੇ ਕੋਰੋਨਾ ਦੇ ਪ੍ਰੋਟੋਕੋਲ ਅਨੁਸਾਰ ਹੀ ਉਨ੍ਹਾ ਦੇ ਸਸਕਾਰ ਵਿਚ ਸਿਰਫ਼ ਪਰਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਅੰਤਮ ਅਰਦਾਸ 28 ਮਈ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ 1.30 ਤੋਂ 2.30 ਵਜੇ ਤੱਕ ਹੋਵੇਗੀ। ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾ ਦੇ ਪ੍ਰਸੰਸਕ ਅਤੇ ਰਿਸ਼ਤੇਦਾਰ ਸ਼ਿਰਕਤ ਕਰਨਗੇ।
ਫਗਵਾੜਾ (ਡਾ. ਰਮਨ) : ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪਿ੍ਰੰ: ਗੁਰਮੀਤ ਸਿੰਘ ਪਲਾਹੀ, ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਡਾ: ਐੱਸ ਐੱਸ ਛੀਨਾ, ਡਾ: ਸ਼ਿਆਮ ਸੁੰਦਰ ਦੀਪਤੀ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਗੁਰਚਰਨ ਸਿੰਘ ਨੂਰਪੁਰ, ਰਘਬੀਰ ਸਿੰਘ ਮਾਨ, ਚਰਨਜੀਤ ਸਿੰਘ ਪਨੰੂ, ਉਜਾਗਰ ਸਿੰਘ, ਗਿਆਨ ਸਿੰਘ ਡੀ ਪੀ ਆਰ ਓ, ਐਡਵੋਕੇਟ ਐੱਸ ਐੱਲ ਵਿਰਦੀ, ਡਾ: ਸਵਰਾਜ ਸਿੰਘ ਤੇ ਟੀ ਡੀ ਚਾਵਲਾ ਨੇ ਪ੍ਰੋ. ਭੋਗਲ ਦੇ ਤੁਰ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਿ੍ਰੰ: ਪਲਾਹੀ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ: ਭੋਗਲ ਨੇ ਸਾਹਿਤਕ, ਪੱਤਰਕਾਰੀ ਤੇ ਵਿਦਿਅਕ ਖੇਤਰ ’ਚ ਵੱਡਾ ਨਾਮਣਾ ਖੱਟਿਆ। ਉਹਨਾ ਕਿਹਾ ਕਿ ਉਹ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸਨ, ਜਿਹਨਾ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ।