ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦਫਤਰ (ਵ੍ਹਾਈਟ ਹਾਊਸ) ਦੇ ਬੈਰੀਕੇਡ ’ਚ ਟਰੱਕ ਨਾਲ ਟੱਕਰ ਮਾਰਨ ਦੇ ਮੁਲਜ਼ਮ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹ ਸਰਕਾਰ ’ਤੇ ਕੰਟਰੋਲ ਕਰਕੇ ਰਾਸ਼ਟਰਪਤੀ ਜੋਇ ਬਾਇਡਨ ਨੂੰ ਮਾਰਨ ਲਈ ਵ੍ਹਾਈਟ ਹਾਊਸ ’ਚ ਦਾਖਲ ਹੋਣਾ ਚਾਹੁੰਦਾ ਸੀ। ਵਾਸ਼ਿੰਗਟਨ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ ਯੂ ਐੱਸ ਪਾਰਕ ਪੁਲਸ ਨੇ ਸਾਈ ਵਾਰਸ਼ਿਤ ਕੰਦੂਲਾ ਨੂੰ ਉਸ ਸਮੇਂ ਗਿ੍ਰਫਤਾਰ ਕਰ ਲਿਆ, ਜਦੋਂ ਉਸ ਦਾ ਟਰੱਕ ਬੈਰੀਕੇਡਾਂ ਨਾਲ ਟਕਰਾਇਆ। ਬੈਰੀਅਰ ਨਾਲ ਟੱਕਰ ਮਾਰਨ ਦੇ ਬਾਅਦ ਕੰਦੂਲਾ ਟਰੱਕ ਤੋਂ ਉਤਰਿਆ ਤੇ ਨਾਜ਼ੀ ਝੰਡਾ ਲਹਿਰਾਉਣ ਲੱਗਾ।
ਪੁੱਛਗਿੱਛ ਦੌਰਾਨ ਕੰਦੂਲਾ ਨੇ ਦੱਸਿਆ ਕਿ ਉਹ 6 ਮਹੀਨਿਆਂ ਤੋਂ ਯੋਜਨਾ ਬਣਾ ਰਿਹਾ ਸੀ। ਪੁਲਸ ਮੁਤਾਬਕ ਉਸ ਨੇ ਇਹ ਟਰੱਕ ਵਰਜੀਨੀਆ ਤੋਂ ਕਾਨੂੰਨੀ ਦਸਤਾਵੇਜ਼ ਦਿਖਾ ਕੇ ਕਿਰਾਏ ’ਤੇ ਲਿਆ ਸੀ। ਕੰਦੂਲਾ, ਜਿਸ ਦੇ ਟਰੱਕ ਤੋਂ ਕੋਈ ਹਥਿਆਰ ਜਾਂ ਵਿਸਫੋਟਕ ਨਹੀਂ ਮਿਲਿਆ, ਨੇ ਦੱਸਿਆ ਕਿ ਉਹ ਹਿਟਲਰ ਤੋਂ ਕਾਫੀ ਪ੍ਰਭਾਵਤ ਹੈ, ਕਿਉਕਿ ਉਹ ਇਕ ਤਾਕਤਵਰ ਆਗੂ ਸੀ। ਕੰਦੂਲਾ ’ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਕਿਸੇ ਪਰਵਾਰਕ ਮੈਂਬਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ, ਅਗਵਾ ਕਰਨ ਤੇ ਨੁਕਸਾਨ ਪਹੁੰਚਾਉਣ ਵਰਗੇ ਕਈ ਦੋਸ਼ ਲਾਏ ਗਏ ਹਨ।