ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਐਤਵਾਰ ਬੋਰਡ ਆਫ ਟਰੱਸਟ ਦੀ ਮੀਟਿੰਗ ਵਿੱਚ ਅਗਲੇ ਮਹੀਨਿਆਂ ਦੀਆਂ ਸਰਗਰਮੀਆਂ ਸੰਬੰਧੀ ਮਹੱਤਵਪੂਰਨ ਫੈਸਲੇ ਲਏ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਲਿ੍ਹਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਲਾਗੇ ਦਾਖਲਾ ਫੀਸ ਲਈ ਬਣਾਇਆ ਢਾਂਚਾ ਅਤੇ ਰੱਖੀਆਂ ਮਸ਼ੀਨਾਂ ਤੁਰੰਤ ਹਟਾ ਕੇ ਜਨਤਕ ਐਲਾਨ ਕਰਕੇ ਲੋਕਾਂ ਨੂੰ ਯਕੀਨ ਦਿਵਾਇਆ ਜਾਵੇ ਕਿ ਜਲਿ੍ਹਆਂਵਾਲਾ ਬਾਗ ਵਿੱਚ ਕੋਈ ਦਾਖਲਾ ਫੀਸ ਨਹੀਂ ਲਗਾਈ ਜਾਏਗੀ | ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਜਾ ਰਹੀ ਹੈ ਕਿ ਉਹ ਪੰਜਾਬ ਅਸੈਂਬਲੀ ਦੇ 24 ਜੂਨ ਤੋਂ ਸ਼ੁਰੂ ਹੋ ਰਹੇ ਅਜਲਾਸ ਵਿੱਚ ਵੀ ਵਿਸ਼ੇਸ਼ ਮਤਾ ਪਾਸ ਕਰਕੇ ਐਲਾਨ ਕਰਨ ਕਿ ਕੌਮੀ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਵਿਰਾਸਤ ‘ਚ ਦਾਖਲਾ ਫੀਸ ਨਹੀਂ ਲਈ ਜਾਵੇਗੀ | ਬਾਗ ਦਾ ਮੂਲ ਸਰੂਪ ਬਹਾਲ ਕੀਤਾ ਜਾਏਗਾ | ਕਮੇਟੀ ਇਸ ਚਿੱਠੀ ਦੀ ਕਾਪੀ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਵੀ ਭੇਜੇਗੀ | ਕਮੇਟੀ ਨੇ ਫੈਸਲਾ ਲਿਆ ਹੈ ਕਿ ਜੇਕਰ ਜਲਿ੍ਹਆਂਵਾਲਾ ਬਾਗ ਦੀ ਅਮੀਰ ਧਰੋਹਰ ਨਾਲ ਖਿਲਵਾੜ ਕੀਤਾ ਗਿਆ ਜਾਂ ਦੜ ਵੱਟੀ ਗਈ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਇਨਸਾਫਪਸੰਦ ਵਿਅਕਤੀਆਂ ਵੱਲੋਂ ਮਿਲ ਕੇ ਜਲਿ੍ਹਆਂਵਾਲਾ ਬਾਗ ਦੇ ਮੁੱਖ ਦੁਆਰ ਅੱਗੇ ਰੋਸ ਪ੍ਰਗਟਾਵਾ ਕੀਤਾ ਜਾਏਗਾ |
ਸਿਖਿਆਰਥੀ ਚੇਤਨਾ ਕੈਂਪ 26, 27 ਅਤੇ 28 ਅਗਸਤ ਨੂੰ ਲਾਇਆ ਜਾਏਗਾ, ਜਿਸ ਵਿੱਚ ਪਹਿਲੇ ਦਿਨ ਮਿਊਜ਼ੀਅਮ ਹੋਮ ਥੀਏਟਰ, ਲਾਇਬਰੇਰੀ ਅਤੇ ਹੋਰ ਹਾਲ ਦਿਖਾਉਣ ਉਪਰੰਤ ਗਦਰ ਲਹਿਰ ਦੀ ਇਤਿਹਾਸਕਤਾ, ਦੇਸ਼ ਭਗਤ ਯਾਦਗਾਰ ਹਾਲ ਅਤੇ ਚੜ੍ਹਦੀ ਜੁਆਨੀ ਦੇ ਫਰਜ਼ਾਂ ਬਾਰੇ, ਪਹਿਲੇ ਸੈਸ਼ਨ ‘ਚ ਗੁਰਮੀਤ ਸਿੰਘ, ਚਰੰਜੀ ਲਾਲ ਅਤੇ ਦੂਜੇ ਸੈਸ਼ਨ ‘ਚ ਸੰਸਾਰ ਵਿਆਪੀ ਆਰਥਕ ਸੰਕਟ ਬਾਰੇ ਦਰਸ਼ਨ ਖਟਕੜ ਵਿਚਾਰ-ਚਰਚਾ ਵਿੱਚ ਬੁਲਾਰੇ ਹੋਣਗੇ | ਦੂਜੇ ਦਿਨ 27 ਅਗਸਤ ਨੂੰ ਪਹਿਲੇ ਸੈਸ਼ਨ ਵਿੱਚ ਮੁਲਕ ਦੇ ਲੋਕਾਂ ਉਪਰ ਵਿੱਢੇ ਫਿਰਕੂ ਫਾਸ਼ੀ ਹੱਲੇ ਅਤੇ ਇਸ ਖਿਲਾਫ ਲੋਕ ਆਵਾਜ਼ ਉਠਾਉਣ ਦੇ ਮੁੱਦੇ ‘ਤੇ ਡਾ. ਪਰਮਿੰਦਰ ਅਤੇ ਦੂਜੇ ਸੈਸ਼ਨ ਵਿੱਚ ਨਿੱਜੀਕਰਨ ਨੂੰ ਪ੍ਰਣਾਈ ਨਵੀਂ ਸਿੱਖਿਆ ਨੀਤੀ ਦੇ ਹੱਲੇ ਬਾਰੇ ਹਰਵਿੰਦਰ ਭੰਡਾਲ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ | ਇਸ ਰੋਜ਼ ਸ਼ਾਮ ਨੂੰ ਪੀਪਲਜ਼ ਵਾਇਸ ਵਲੋਂ ਪ੍ਰਭਾਵਸ਼ਾਲੀ ਫਿਲਮ ਸ਼ੋਅ ਹੋਏਗਾ |
ਚੇਤਨਾ ਕੈਂਪ ਦੇ ਤੀਜੇ ਦਿਨ ਪਹਿਲੇ ਸੈਸ਼ਨ ਮੌਕੇ ਪਾਣੀਆਂ, ਵਾਤਾਵਰਨ ਅਤੇ ਜਨ-ਜੀਵਨ ਤੇ ਵਿਸ਼ਵ ਬੈਂਕ ਅਤੇ ਲੋਕ ਉਜਾੜੂ ਮੁਨਾਫੇਖੋਰ ਨੀਤੀਆਂ ਦੇ ਹੱਲੇ ‘ਤੇ ਵਿਜੈ ਬੰਬੇਲੀ ਰੌਸ਼ਨੀ ਪਾਉਣਗੇ | ਇਸ ਦਿਨ ਹੀ ਦੂਜੇ ਅਤੇ ਆਖਰੀ ਸੈਸ਼ਨ ਮੌਕੇ ਸਿਖਿਆਰਥੀ ਆਪਣੇ ਪ੍ਰਭਾਵ ਸਾਂਝੇ ਕਰਨਗੇ |
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਿਖਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਪੁਸਤਕਾਂ ਨਾਲ ਸਨਮਾਨਤ ਕਰਕੇ ਮਾਣ ਸਹਿਤ ਲੋਕਾਂ ਵਿੱਚ ਚੇਤਨਾ ਦਾ ਚਾਨਣ ਵੰਡਣ ਲਈ ਰੁਖਸਤ ਕੀਤਾ ਜਾਏਗਾ |
ਮੀਟਿੰਗ ‘ਚ ਗਦਰੀ ਬਾਬਿਆਂ ਦੇ ਮੇਲੇ ਸੰਬੰਧੀ ਗੰਭੀਰ-ਵਿਚਾਰ ਚਰਚਾ ਉਪਰੰਤ ਫੈਸਲਾ ਲਿਆ ਗਿਆ ਕਿ ਇਸ ਵਾਰ ਮੇਲਾ 30, 31 ਅਕਤੂਬਰ ਅਤੇ 1 ਨਵੰਬਰ ਤਿੰਨ ਰੋਜ਼ਾ ਹੋਏਗਾ | ਮੇਲੇ ਦੇ ਪਹਿਲੇ ਦਿਨ ਗੀਤ-ਸੰਗੀਤ, ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ, ਦੂਜੇ ਦਿਨ ਕੁਇੱਜ਼, ਚਿੱਤਰਕਲਾ, ਭਾਸ਼ਣ ਮੁਕਾਬਲਾ ਹੋਏਗਾ | ਸ਼ਾਮ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਵੀਆਂ ਦਾ ਕਾਵਿ ਰੰਗ ਹੋਏਗਾ | ਪਹਿਲੀ ਨਵੰਬਰ ਝੰਡਾ ਲਹਿਰਾਉਣ ਦੀ ਰਸਮ, ਤਕਰੀਰ, ਜਨਰਲ ਸਕੱਤਰ ਅਤੇ ਪ੍ਰਧਾਨ ਦਾ ਭਾਸ਼ਣ ਅਤੇ ਝੰਡੇ ਦਾ ਗੀਤ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਹੋਏਗਾ | ਉਪਰੰਤ ਸਾਰਾ ਦਿਨ ਸਾਂਝੇ ਪੰਜਾਬ ਦਾ ਸੁਮੇਲ ਗੀਤ-ਸੰਗੀਤ, ਵਿਚਾਰ-ਚਰਚਾ, ਐਕਸ਼ਨ ਗੀਤ ਅਤੇ ਸਾਰੀ ਰਾਤ ਸਾਂਝੇ ਪੰਜਾਬ ਦੀਆਂ ਨਾਮਵਰ ਨਾਟਕ ਟੀਮਾਂ ਸਰਘੀ ਵੇਲੇ ਤੱਕ ਨਾਟਕਾਂ ਰਾਹੀਂ ਨਵੇਂ ਮੁਕਾਮ ਸਿਰਜਣ ਲਈ ਹੁਣ ਤੋਂ ਤਿਆਰੀਆਂ ਵਿਚ ਜੁਟ ਰਹੀਆਂ ਹਨ |
ਇਸ ਵਾਰ ਜ਼ਿਕਰਯੋਗ ਹੈ ਕਿ ਮੇਲੇ ਵਿੱਚ ਕਵੀ ਬਾਬਾ ਨਜ਼ਮੀ, ਅਜੋਕਾ ਥੀਏਟਰ, ਸਾਂਝਾ ਵਿਹੜਾ ਨਾਟਕ ਟੀਮਾਂ ਨੂੰ ਲਹਿੰਦੇ ਪੰਜਾਬ ਤੋਂ ਬੁਲਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਵਿਨੈ ਅਤੇ ਚਾਰੁਲ ਅਹਿਮਦਾਬਾਦ (ਗੁਜਰਾਤ) ਤੋਂ, ਨਾਮਧਾਰੀ ਸੰਗੀਤ ਜੱਥਾ ਭੈਣੀ ਸਾਹਿਬ ਤੋਂ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਅਵਤਾਰ ਚੜਿੱਕ ਅਤੇ ਇਕਬਾਲ (ਭੰਡ ਦੇਸ਼ ਭਗਤ ਯਾਦਗਾਰ ਹਾਲ ਆਏ), ਦੇਸ਼ ਭਗਤ ਪਰਵਾਰ ਨਾਲ ਜੁੜੇ ਗਾਇਕਾਂ ਸਮੇਤ ਵੰਨ-ਸੁਵੰਨੇ ਸੰਗੀਤਕ ਰੰਗ ਮੇਲੇ ਨੂੰ ਚਾਰ ਚੰਨ ਲਾਉਣਗੇ | ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਪੀਪਲਜ਼ ਵਾਇਸ ਦੀ ਟੀਮ ਨੇ ਐਤਵਾਰ ਹੋਮ ਥੀਏਟਰ ਦੇ ਪ੍ਰੋਜੈਕਟ ਨੂੰ ਸਿਖਿਆਰਥੀ ਚੇਤਨਾ ਕੈਂਪ ਤੋਂ ਪਹਿਲਾਂ ਪਹਿਲਾਂ ਅਮਲੀ ਜਾਮਾ ਪਹਿਨਾਉਣ ਸੰਬੰਧੀ ਵੀ ਸਰਵੇਖਣ ਕੀਤਾ | ਮੀਟਿੰਗ ਦਾ ਆਗਾਜ਼ ਮੇਲੇ ਅਤੇ ਵਿਸ਼ੇਸ਼ ਕਰਕੇ ਝੰਡੇ ਦੇ ਗੀਤ ਨਾਲ ਕਈ ਦਹਾਕਿਆਂ ਤੋਂ ਜੁੜੇ ਆ ਰਹੇ ਜਗਤਾਰ ਬਾਹੋਵਾਲ ਦੇ ਮਾਤਾ ਜੀ ਪ੍ਰੀਤਮ ਕੌਰ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਇਆ |





