ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਦੀ ਕੋਈ ਵੀ ਧਿਰ ਜਵਾਨੀ ਨੂੰ ਸਹੀ ਸੇਧ ਦੇਣ ਵਿੱਚ ਸਫਲ ਨਹੀਂ ਹੋਈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਸੀ ਪੀ ਆਈ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੇ ਕੀਤਾ | ਉਹ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਦੇ ਪੁੱਤਰ ਵਿਸ਼ਵਜੀਤ ਸਿੰਘ ਦੇ ਵਿਆਹ ਸਮਾਗਮ ਵਿੱਚ ਇਸ ਪੱਤਰਕਾਰ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ | ਉਨ੍ਹਾ ਕਿਹਾ ਕਿ ਪੰਜਾਬ ਵਾਂਗ ਪੂਰੇ ਮੁਲਕ ਵਿੱਚ ਵੀ ਇਹੀ ਵਰਤਾਰਾ ਵਰਤਿਆ ਹੈ | ਪੂਰੀ ਦੁਨੀਆ ਵਿੱਚ ਭਾਰਤ ਅਜਿਹਾ ਦੇਸ਼ ਹੈ, ਜਿੱਥੇ ਆਬਾਦੀ ਦਾ 65 ਫੀਸਦੀ ਹਿੱਸਾ ਜਵਾਨੀ ਹੈ | ਇਸ ਵੱਡੇ ਹਿੱਸੇ ਨੂੰ ਜੇਕਰ ਸਿਆਸੀ ਤੇ ਸਮਾਜੀ ਤੌਰ ‘ਤੇ ਸਹੀ ਸੇਧ ਮਿਲ ਜਾਂਦੀ ਤਾਂ ਦੇਸ਼ ਸੁਖਾਵੇਂ ਦੌਰ ਵਿੱਚੋਂ ਗੁਜ਼ਰ ਰਿਹਾ ਹੁੰਦਾ | ਉਨ੍ਹਾ ਕਿਹਾ ਕਿ ਦੇਸ਼ ਵਿੱਚ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਕਾਰਨ ਨੌਜਵਾਨ ਇੱਧਰ-ਉਧਰ ਭਟਕ ਰਹੇ ਹਨ | ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਇਸ ਸਕੀਮ ਨੂੰ ਕਿਸੇ ਤਰ੍ਹਾਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ | ਉਨ੍ਹਾ ਕਿਹਾ ਕਿ ਮੈਂ ਸਮਝਦਾ ਹਾਂ ਕਿ ਹੋ ਸਕਦਾ ਹੈ ਇਸ ਸਕੀਮ ਦੀ ਤੰਦ ਆਰ ਐੱਸ ਐੱਸ ਦੇ ਮਨਸੂਬਿਆਂ ਨਾਲ ਜੁੜੀ ਹੋਈ ਹੋਵੇ | ਆਰ ਐੱਸ ਐੱਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲ ਰਹੀ ਕੇਂਦਰ ਸਰਕਾਰ ਦੀ ਇਹ ਮਨਸ਼ਾ ਹੋ ਸਕਦੀ ਹੈ ਕਿ ਸਰਕਾਰੀ ਖਰਚ ‘ਤੇ ਆਰ ਐੱਸ ਐੱਸ ਦੇ ਟਰੇਂਡ ਹਥਿਆਰਬੰਦ ਵਰਕਰ ਪੈਦਾ ਕਰ ਲਏ ਜਾਣ, ਤਾਂ ਕਿ ਲੋੜ ਪੈਣ ‘ਤੇ ਆਪਣੇ ਵਿਰੋਧੀਆਂ ਲਈ ਇਨ੍ਹਾਂ ਟਰੇਂਡ ਵਰਕਰਾਂ ਦਾ ਇਸਤੇਮਾਲ ਕੀਤਾ ਜਾ ਸਕੇ | ਸਰਕਾਰ ਦੇ ਅਜਿਹੇ ਪੈਂਤੜੇ ਦੇਸ਼ ਨੂੰ ਖਾਨਾਜੰਗੀ ਵੱਲ ਵੀ ਧੱਕ ਸਕਦੇ ਹਨ | ਉਨ੍ਹਾ ਮੰਗ ਕੀਤੀ ਕਿ ਇਸ ਸਕੀਮ ਨੂੰ ਤਰੁੰਤ ਵਾਪਸ ਲਿਆ ਜਾਵੇ |
ਇਸ ਮੌਕੇ ਹਾਜ਼ਰ ਸੀ ਪੀ ਐੱਮ ਅਤੇ ਖੇਤ ਮਜ਼ਦੂਰਾਂ ਦੇ ਉੱਘੇ ਆਗੂ ਸੁਨੀਲ ਚੋਪੜਾ ਦੀ ਪੂੰਜੀਵਾਦ ਸੰਬੰਧੀ ਕੀਤੀ ਗਈ ਟਿੱਪਣੀ ਦੇ ਹਵਾਲੇ ਨਾਲ ਅਰਸ਼ੀ ਨੇ ਕਿਹਾ ਕਿ ਇਹ ਨਿਸਚਿਤ ਹੈ ਕਿ ਪੂੰਜੀਵਾਦ ਇੱਕ ਦਿਨ ਖਤਮ ਹੋਣਾ ਹੈ | ਇਸ ਬਾਰੇ ਕਾਰਲਸ ਮਾਰਕਸ ਠੋਸ ਸਾਇੰਟੇਫਿਕ ਅਧਾਰ ‘ਤੇ ਭਵਿੱਖਬਾਣੀ ਕਰ ਗਏ ਹਨ | ਉਹਨਾ ਕਿਹਾ ਕਿ ਅਜੇ ਪੂੰਜੀਵਾਦ ਦੇ ਖਾਤਮੇ ਦਾ ਸਮਾਂ ਨਹੀਂ ਆਇਆ | ਇਨਕਲਾਬ ਸੰਬੰਧੀ ਉੱਠੇ ਇੱਕ ਸਵਾਲ ਦੇ ਜਵਾਬ ਵਿੱਚ ਅਰਸ਼ੀ ਨੇ ਕਿਹਾ ਕਿ ਲੋਕ ਇਨਕਲਾਬ ਜਮਹੂਰੀ ਇਨਕਲਾਬ ਤੋਂ ਅਗਲੀ ਸਟੇਜ ਹੁੰਦਾ ਹੈ | ਅਜੇ ਅਸੀਂ ਜਮਹੂਰੀ ਇਨਕਲਾਬ ਵੱਲ ਅੱਗੇ ਵਧਣਾ ਹੈ | ਦਿੱਲੀ ਤੋਂ ਉਚੇਚੇ ਤੌਰ ‘ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਸੁਨੀਲ ਚੋਪੜਾ ਨੇ ਇੱਕ ਕਮਿਊਨਿਸਟ ਹੋਣ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ (ਚੋਪੜਾ) ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਲੱਭਤ ਹਨ | ਉਨ੍ਹਾ ਕਿਹਾ ਕਿ ਜਦੋਂ ਉਹ ਲੰਡਨ ਦੇ ਇੱਕ ਕਾਲਜ ਵਿੱਚ ਪੜ੍ਹਦੇ ਸਨ ਤਾਂ ਕਾਮਰੇਡ ਸੁਰਜੀਤ ਨਾਲ ਉਨ੍ਹਾ ਦੀ ਮੁਲਾਕਾਤ ਹੋਈ | ਉਸੇ ਮੁਲਾਕਾਤ ਵਿੱਚ ਉਹ ਖੱਬੇ-ਪੱਖੀ ਵਿਚਾਰਧਾਰਾ ਤੋਂ ਕਾਇਲ ਹੋ ਕੇ ਕਮਿਊਨਿਸਟ ਬਣ ਗਏ | ਸੀ ਪੀ ਅੱੈਮ ਵਿੱਚ ਰਹਿੰਦਿਆਂ ਉਨ੍ਹਾ ਫੈਸਲਾ ਕੀਤਾ ਕਿ ਉਹ ਖੇਤ ਮਜ਼ਦੂਰਾਂ ਲਈ ਕੰਮ ਕਰਨਗੇ | ਇੱਕ ਸਵਾਲ ਦੇ ਜਵਾਬ ਵਿੱਚ ਚੋਪੜਾ ਨੇ ਕਿਹਾ ਕਿ ਮਜ਼ਦੂਰਾਂ ਦੀ ਆਬਾਦੀ ਦਾ ਵੱਡਾ ਹਿੱਸਾ ਖੇਤ ਮਜ਼ਦੂਰ ਹਨ | ਅੱਗੋਂ ਇਨ੍ਹਾਂ ਵਿੱਚ ਵਧੇਰੇ ਗਿਣਤੀ ਦਲਿਤਾਂ ਮਜ਼ਦੂਰਾਂ ਦੀ ਹੈ |
ਇਸ ਵਰਗ ਦੀ ਬਿਹਤਰੀ ਦੇਸ਼ ਦੇ ਵੀ ਹਿੱਤ ਵਿੱਚ ਹੈ | ਇਸੇ ਸੋਚ ਅਧੀਨ ਮੈਂ ਮਜ਼ਦੂਰ ਵਰਗ ਲਈ ਕੰਮ ਕਰ ਰਿਹਾ ਹਾਂ | ਇਸ ਮੌਕੇ ਸੀ ਪੀ ਆਈ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ, ਕਿਸਾਨ ਆਗੂ ਬਲਕਰਨ ਸਿੰਘ ਬਰਾੜ, ਕਮਿਊਨਿਸਟ ਆਗੂ ਅਮਰਜੀਤ ਸਿੰਘ ਆਸਲ, ਕਿ੍ਸ਼ਨ ਚੌਹਾਨ ਮਾਨਸਾ, ਅਰੁਣ ਮਿੱਤਰਾ, ਵੀ ਐੱਸ ਨਿਰਮਲ (ਦਿੱਲੀ), ਦਰਿਆਓ ਸਿੰਘ (ਹਰਿਆਣਾ), ਮੁਖਤਾਰ ਜਲਾਲਾਬਾਦ, ਮਾਸਟਰ ਅੰਮਿ੍ਤਪਾਲ ਸਿੰਘ ਤਰਨ ਤਾਰਨ, ਡਾ. ਵਿਲੀਅਮ ਜੌਨ ਸ਼ਾਹਕੋਟ ਤੇ ਸੁਖਦੇਵ ਸਿੰਘ ਤਰਨ ਤਾਰਨ ਆਦਿ ਮੌਜੂਦ ਸਨ |





