ਮੋਹਾਲੀ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਸ਼੍ਰੇਣੀ (ਰੈਗੂਲਰ ਅਤੇ ਓਪਨ ਸਕੂਲ) ਦਾ ਨਤੀਜਾ ਸ਼ੁੱਕਰਵਾਰ ਐਲਾਨਿਆ ਗਿਆ | 281327 ਪ੍ਰੀਖਿਆਰਥੀ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 274400 ਪ੍ਰੀਖਿਆਰਥੀ ਪਾਸ ਹੋਏ | ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.54 ਰਹੀ | ਸਰਕਾਰੀ ਸਕੂਲਾਂ ਦੇ ਕੁੱਲ 97.76 ਪ੍ਰਤੀਸ਼ਤ ਅਤੇ ਗੈਰ-ਸਰਕਾਰੀ ਸਕੂਲਾਂ ਦੇ 97 ਪ੍ਰਤੀਸ਼ਤ ਪ੍ਰੀਖਿਆਰਥੀ ਪਾਸ ਹੋਏ ਹਨ | ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 98.46 ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 96.73 ਰਹੀ ਹੈ |
ਪਹਿਲਾ ਸਥਾਨ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ ਜ਼ਿਲ੍ਹਾ ਫ਼ਰੀਦਕੋਟ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 650 ਵਿੱਚੋਂ 650 ਅੰਕ ਲੈ ਕੇ ਪ੍ਰਾਪਤ ਕੀਤਾ ਹੈ | ਇਸੇ ਸਕੂਲ ਦੀ ਹੀ ਵਿਦਿਆਰਥਣ ਨਵਜੋਤ ਪੁੱਤਰੀ ਵਿਜੈ ਕੁਮਾਰ 650 ਵਿੱਚੋਂ 648 (99.69%) ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ‘ਤੇ ਰਹੀ | ਤੀਸਰਾ ਸਥਾਨ ਸਰਕਾਰੀ ਹਾਈ ਸਕੂਲ, ਮੰਢਾਲੀ, ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਸ. ਸੁਖਵਿੰਦਰ ਸਿੰਘ ਨੇ 650 ਵਿੱਚੋਂ 648 (99.38%) ਅੰਕ ਪ੍ਰਾਪਤ ਕਰਕੇ ਹਾਸਲ ਕੀਤਾ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਭਵਾਨੀਗੜ੍ਹ ਦੀ ਜਸਮੀਤ ਕੌਰ 644/650 ਅੰਕਾਂ ਨਾਲ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲੇ ਅਤੇ ਪੰਜਾਬ ਵਿੱਚੋਂ ਚੌਥੇ ਸਥਾਨ ‘ਤੇ ਰਹੀ | ਜਸਮੀਤ ਕੌਰ ਦੀ ਵੱਡੀ ਭੈਣ ਜਸ਼ਨਪ੍ਰੀਤ ਕੌਰ ਨੇ ਵੀ 2020 ‘ਚ ਦਸਵੀਂ ‘ਚ ਜ਼ਿਲ੍ਹੇ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ |
ਧੀਆਂ ਦਾ ਯੁੱਗ : ਮਾਨ
ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ‘ਧੀਆਂ ਦਾ ਯੁੱਗ’ ਹੈ ਕਿਉਂਕਿ ਵਿਦਿਆਰਥਣਾਂ ਆਪਣੇ ਨਿਵੇਕਲੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਮਾਣ ਵਧਾ ਰਹੀਆਂ ਹਨ | ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਜਲਦੀ ਹੀ 51,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ |
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਅੱਠਵੀਂ, ਬਾਰ੍ਹਵੀਂ ਅਤੇ ਹੁਣ ਦਸਵੀਂ ਜਮਾਤ ਦੇ ਨਤੀਜਿਆਂ ‘ਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ ਹੈ | ਇਸ ਪ੍ਰਾਪਤੀ ਲਈ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਵਧਾਈ ਦੇ ਹੱਕਦਾਰ ਹਨ |