11.1 C
Jalandhar
Sunday, March 3, 2024
spot_img

ਮਾਇਆਵਤੀ ਦੀ ਮਾਇਆ

ਨਵੇਂ ਸੰਸਦ ਭਵਨ ਦੇ ਉਦਘਾਟਨ ਦਾ 21 ਪਾਰਟੀਆਂ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਐਨ ਡੀ ਏ ਤੋਂ ਬਾਹਰਲੀਆਂ 7 ਪਾਰਟੀਆਂ ਨੇ ਭਾਜਪਾ ਦੇ ਹੱਕ ਵਿੱਚ ਖੜ੍ਹੇ ਹੋਣ ਦਾ ਫ਼ੈਸਲਾ ਕਰ ਲਿਆ ਹੈ | ਅਸਲ ਵਿੱਚ ਇਹ ਪਾਰਟੀਆਂ ਕਦੇ ਵੀ ਭਾਜਪਾ ਦੇ ਵਿਰੁੱਧ ਨਹੀਂ ਰਹੀਆਂ, ਸਗੋਂ ਜਦੋਂ ਵੀ ਉਸ ਨੂੰ ਲੋੜ ਪਈ ਉਸ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀਆਂ ਰਹੀਆਂ ਹਨ | ਇਹ 7 ਪਾਰਟੀਆਂ ਹਨ, ਬਹੁਜਨ ਸਮਾਜ ਪਾਰਟੀ, ਸ਼ੋ੍ਰਮਣੀ ਅਕਾਲੀ ਦਲ (ਬਾਦਲ), ਜਨਤਾ ਦਲ (ਐਸ), ਲੋਕ ਜਨਸ਼ਕਤੀ ਪਾਰਟੀ (ਪਾਸਵਾਨ), ਵਾਈ ਐਸ ਆਰ ਕਾਂਗਰਸ, ਬੀਜੂ ਜਨਤਾ ਦਲ ਤੇ ਤੇਲਗੂ ਦੇਸਮ ਪਾਰਟੀ | ਇਨ੍ਹਾਂ ਵਿੱਚੋਂ ਬਸਪਾ ਸਭ ਤੋਂ ਪ੍ਰਮੁੱਖ ਹੈ |
ਅਸਲ ਵਿੱਚ ਮਾਇਆਵਤੀ ਨੇ ਜਦੋਂ ਤੋਂ ਸਮਾਜਵਾਦੀ ਪਾਰਟੀ ਨਾਲੋਂ ਗੱਠਜੋੜ ਤੋੜਨ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਸ ਨੇ ਭਾਜਪਾ ਦੀ ਪੂਛ ਬਣ ਜਾਣ ਦਾ ਰਾਹ ਫੜ ਲਿਆ ਸੀ | 2020 ਵਿੱਚ ਯੂ ਪੀ ਵਿੱਚੋਂ ਰਾਜ ਸਭਾ ਲਈ 10 ਮੈਂਬਰਾਂ ਦੀ ਚੋਣ ਹੋਈ ਸੀ | ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਜਪਾ ਦੇ 9 ਤੇ ਸਮਾਜਵਾਦੀ ਪਾਰਟੀ ਦਾ ਇੱਕ ਮੈਂਬਰ ਚੁਣਿਆ ਜਾਣਾ ਤੈਅ ਸੀ, ਪਰ ਭਾਜਪਾ ਨੇ 8 ਉਮੀਦਵਾਰ ਹੀ ਖੜ੍ਹੇ ਕੀਤੇ ਅਤੇ ਨੌਵੀਂ ਸੀਟ ਬਸਪਾ ਲਈ ਛੱਡ ਦਿੱਤੀ ਸੀ | ਉਸੇ ਸਾਲ ਜਦੋਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ, ਤਦ ਵੀ ਬਸਪਾ ਭਾਜਪਾ ਨਾਲ ਖੜ੍ਹੀ ਹੋਈ | ਸਟੇਨ ਸਵਾਮੀ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਵਿਰੋਧੀ ਦਲਾਂ ਨੇ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਤਾਂ ਵੀ ਬਸਪਾ ਵੱਖਰੀ ਖੜ੍ਹੀ ਰਹੀ ਸੀ | ਕੋਰੋਨਾ ਮਹਾਂਮਾਰੀ ਤੇ ਨਫ਼ਰਤੀ ਤਕਰੀਰਾਂ ਵਿਰੁੱਧ ਪ੍ਰਧਾਨ ਮੰਤਰੀ ਦੀ ਜ਼ੁਬਾਨਬੰਦੀ ਵਿਰੁੱਧ ਵੀ ਵਿਰੋਧੀ ਦਲਾਂ ਵੱਲੋਂ ਦਿੱਤੇ ਗਏ ਸਾਂਝੇ ਬਿਆਨਾਂ ਤੋਂ ਮਾਇਆਵਤੀ ਨੇ ਪਾਸਾ ਵੱਟੀ ਰੱਖਿਆ ਸੀ | ਜਦੋਂ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਤਦ ਵੀ ਬਸਪਾ ਨੇ ਭਾਜਪਾ ਉਮੀਦਵਾਰ ਦਰੋਪਦੀ ਮੁਰਮੂ ਨੂੰ ਹੀ ਵੋਟਾਂ ਪਾਈਆਂ ਸਨ |
ਮਾਇਆਵਤੀ ਵੱਲੋਂ ਭਾਜਪਾ ਦਾ ਦੁੰਮਛੱਲਾ ਬਣਨ ਦਾ ਨੰਗਾ ਚਿੱਟਾ ਪ੍ਰਮਾਣ 2022 ਵਿੱਚ ਯੂ ਪੀ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸਪੱਸ਼ਟ ਸਾਹਮਣੇ ਆਇਆ ਸੀ | ਸਮਾਜਵਾਦੀ ਪਾਰਟੀ ਨੇ ਰਾਸ਼ਟਰੀ ਲੋਕ ਦਲ ਤੇ ਪਛੜੀਆਂ ਜਾਤਾਂ ਦੀਆਂ ਕੁਝ ਪਾਰਟੀਆਂ ਨੂੰ ਜੋੜ ਕੇ ਇੱਕ ਮਜ਼ਬੂਤ ਗੱਠਜੋੜ ਬਣਾ ਲਿਆ ਸੀ | ਖੇਤੀ ਸੰਬੰਧੀ ਤਿੰਨ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਅੰਦੋਲਨ ਨੇ ਪੇਂਡੂ ਕਿਸਾਨੀ ਅੰਦਰ ਭਾਜਪਾ ਪ੍ਰਤੀ ਗੁੱਸੇ ਦੀ ਲਹਿਰ ਪੈਦਾ ਕੀਤੀ ਹੋਈ ਸੀ | ਹਾਲਾਤ ਨੇ ਤੈਅ ਕਰ ਦਿੱਤਾ ਸੀ ਕਿ ਇਨ੍ਹਾਂ ਚੋਣਾਂ ਵਿੱਚ ਯੋਗੀ ਆਦਿਤਿਆਨਾਥ ਦੀ ਅਗਵਾਈ ਵਿੱਚ ਭਾਜਪਾ ਦੀ ਹਾਰ ਯਕੀਨੀ ਹੈ | ਇਸ ਮੌਕੇ ਉੱਤੇ ਮਾਇਆਵਤੀ ਮਰਨਾਊ ਪਈ ਭਾਜਪਾ ਲਈ ਸੰਜੀਵਨੀ ਬਣ ਕੇ ਸਾਹਮਣੇ ਆਈ | ਸਪਾ ਗੱਠਜੋੜ ਨੇ ਜਿਸ ਜਾਤ ਦਾ ਉਮੀਦਵਾਰ ਖੜ੍ਹਾ ਕੀਤਾ, ਬਸਪਾ ਨੇ ਵੀ ਉਸੇ ਜਾਤ ਦਾ ਖੜ੍ਹਾ ਕਰਕੇ ਵੋਟਾਂ ਨੂੰ ਪਾੜਨ ਦਾ ਕੰਮ ਕੀਤਾ ਤੇ ਆਪਣੇ ਪੱਕੇ ਅਧਾਰ ਜਾਟਵ ਵੋਟਾਂ ਨੂੰ ਵੀ ਭਾਜਪਾ ਵੱਲ ਭੁਗਤਾ ਦਿੱਤਾ | ਇਸੇ ਦਾ ਨਤੀਜਾ ਸੀ ਕਿ ਬਸਪਾ ਦਾ ਸਿਰਫ਼ ਇੱਕ ਵਿਧਾਇਕ ਜਿੱਤ ਸਕਿਆ ਜਦੋਂ ਕਿ ਕਾਂਗਰਸ ਦੋ ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਈ | ਭਾਜਪਾ ਲਈ ਏਨੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਬਸਪਾ ਨੂੰ ਭਾਜਪਾ ਨਾਲੋਂ ਵੱਖ ਕਰਕੇ ਦੇਖਣਾ ਸਿਆਸੀ ਕਮਅਕਲੀ ਹੀ ਹੋ ਸਕਦੀ ਹੈ | ਮਾਇਆਵਤੀ ਦੀ ਬਦੌਲਤ ਭਾਜਪਾ ਨੇ ਹਾਰੀ ਹੋਈ ਬਾਜ਼ੀ ਅਸਾਨੀ ਨਾਲ ਜਿੱਤ ਲਈ ਸੀ |
ਅਸਲ ਵਿੱਚ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਦਿਸ਼ਾ ਤੈਅ ਕਰ ਦਿੱਤੀ ਹੈ | ਇੱਕ ਪਾਸੇ ਵਿਰੋਧੀ ਧਿਰਾਂ ਦੀ ਲਾਮਬੰਦੀ ਹੋ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਆਪਣੇ ਹੱਥਠੋਕਿਆਂ ਨੂੰ ਸਰਗਰਮ ਕਰਨ ਲੱਗ ਪਈ ਹੈ | ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਂਸ਼ੀ ਰਾਮ ਵੱਲੋਂ ਬ੍ਰਾਹਮਣਵਾਦ ਵਿਰੁੱਧ ਖੜ੍ਹੀ ਕੀਤੀ ਬਸਪਾ ਦਾ ਹੇਠਲਾ ਵਰਕਰ ਕੀ ਮਾਇਆਵਤੀ ਦੀ ਇਸ ਉਲਟਬਾਜ਼ੀ ਤੋਂ ਬਾਅਦ ਵੀ ਉਸ ਨਾਲ ਜੁੜਿਆ ਰਹੇਗਾ | ਸਾਡੀ ਸਮਝ ਮੁਤਾਬਕ ਮਾਇਆਵਤੀ ਦੇ ਇਸ ਰੁਖ ਨਾਲ ਦਲਿਤ ਸਿਆਸਤ ਵਿੱਚ ਇੱਕ ਖਲਾਅ ਪੈਦਾ ਹੋਵੇਗਾ ਤੇ ਅਜ਼ਾਦ ਸਮਾਜ ਪਾਰਟੀ ਵਰਗੀਆਂ ਹੋਰ ਧਿਰਾਂ ਇਸ ਖਲਾਅ ਨੂੰ ਭਰਨਗੀਆਂ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles