ਨਵੀਂ ਦਿੱਲੀ : 2021 ਦੀ ਮਰਦਮਸ਼ੁਮਾਰੀ ਕੋਵਿਡ-19 ਮਹਾਂਮਾਰੀ ਕਾਰਨ ਰੋਕ ਦਿੱਤੀ ਗਈ ਸੀ। ਦੇਸ਼ ’ਚ ਸਰਕਾਰ ਵੱਲੋਂ ਆਬਾਦੀ ਦੇ ਅੰਕੜੇ ਇਕੱਠੇ ਕਰਨ ਦੀ ਇਸ ਰੁਟੀਨ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਅਜੇ ਬਾਕੀ ਹੈ। ਇਸ ਸਮੇਂ ਜਦੋਂ 2021 ਦੀ ਦੇਰੀ ਨਾਲ ਹੋਈ ਮਰਦਮਸ਼ੁਮਾਰੀ ਮੁੜ ਸ਼ੁਰੂ ਹੋਵੇਗੀ, ਲੋਕਾਂ ਨੂੰ ਕੁਝ ਨਵੇਂ ਕਿਸਮ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਇੰਡੀਅਨ ਐੱਕਸਪ੍ਰੈੱਸ’ ਦੀ ਇੱਕ ਰਿਪੋਰਟ ਅਨੁਸਾਰ ਇਹਨਾਂ ਸਵਾਲਾਂ ’ਚ ਸ਼ਾਮਲ ਹੋ ਸਕਦਾ ਹੈ ਕਿ ਕੀ ਤੁਹਾਡੇ ਘਰ ’ਚ ਪੈਕਡ ਜਾਂ ਬੋਤਲਬੰਦ ਪੀਣ ਵਾਲੇ ਪਾਣੀ ਦੇ ਮੁੱਖ ਸਰੋਤਾਂ ’ਚੋਂ ਇੱਕ ਹੈ? ਕੀ ਤੁਹਾਡੀ ਰਸੋਈ ’ਚ ਐੱਲ ਪੀ ਜੀ ਜਾਂ ਪੀ ਐੱਨ ਜੀ ਕੁਨੈਕਸ਼ਨ ਹੈ? ਘਰ ’ਚ ਕਿੰਨੇ ਸਮਾਰਟ ਫੋਨ ਜਾਂ ਡੀ ਟੀ ਐੱਚ ਕੁਨੈਕਸ਼ਨ ਹਨ? ਤੁਹਾਡੇ ਪਰਵਾਰ ’ਚ ਖਪਤ ਕੀਤੇ ਜਾਣ ਵਾਲਾ ਮੁੱਖ ਅਨਾਜ ਕੀ ਹੈ? ਇਸ ਤਰ੍ਹਾਂ ਕੁਝ ਨਵੇਂ ਸਵਾਲ ਹਨ, ਜਿਨ੍ਹਾਂ ’ਤੇ ਨਵੀਂ ਮਰਦਮਸ਼ੁਮਾਰੀ ’ਚ ਡਾਟਾ ਇਕੱਠਾ ਕੀਤਾ ਜਾਵੇਗਾ। 1981 ਤੋਂ ਭਾਰਤੀ ਮਰਦਮਸ਼ੁਮਾਰੀ ਬਾਰੇ ਇੱਕ ਸੰਧੀ ਇਸ ਹਫਤੇ ਦੇ ਸ਼ੁਰੂ ’ਚ ਜਾਰੀ ਕੀਤੀ ਗਈ ਸੀ। ਇਸ ਪ੍ਰਕਾਸ਼ਨ ’ਚ ਪਿਛਲੇ ਚਾਰ ਜਨਗਣਨਾ ਕਾਰਜਾਂ ਬਾਰੇ ਵਿਸਤਿ੍ਰਤ ਜਾਣਕਾਰੀ ਸ਼ਾਮਲ ਹੈ। ਇਸ ’ਚ 2021 ਦੀ ਮਰਦਮਸ਼ੁਮਾਰੀ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਇੱਕ ਅਧਿਆਏ ਵੀ ਹੈ, ਜਿਸ ’ਚ ਪਹਿਲੀ ਵਾਰ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਵੀ ਸ਼ਾਮਲ ਹੈ। ਹੋਰ ਤਾਜ਼ਾ ਸਵਾਲਾਂ ’ਚ ਸ਼ਾਮਲ ਹਨ ਕਿ ਕੀ ‘ਕੁਦਰਤੀ ਬਿਪਤਾ’ ਪਰਵਾਰਕ ਪਰਵਾਸ ਦਾ ਇੱਕ ਕਾਰਨ ਹਨ। ਦੇਸ਼ ਦੇ ਹਰ ਘਰ ਦੀ ਸੂਚੀ ਬਣਾਉਣ ਦਾ ਕੰਮ ਜਨਗਣਨਾ ਦਾ ਪਹਿਲਾ ਹਿੱਸਾ ਹੈ ਅਤੇ ਜਨਗਣਨਾ ਦੇ ਸਾਲ ਤੋਂ ਪਹਿਲਾਂ ਦੇ ਸਾਲ ’ਚ ਕੀਤਾ ਜਾਂਦਾ ਹੈ। ਘਰਾਂ ਦੀ ਸੂਚੀ ਬਣਾਉਣ ਦਾ ਕੰਮ 1 ਅਪ੍ਰੈਲ, 2020 ਨੂੰ ਸ਼ੁਰੂ ਹੋਣ ਵਾਲਾ ਸੀ, ਜਦੋਂ ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਸੀ।





