ਦੋ ਮਹੀਨੇ ਪਹਿਲਾਂ ਕੈਨੇਡਾ ਗਈ ਲੜਕੀ ਦੀ ਸੜਕ ਹਾਦਸੇ ’ਚ ਮੌਤ

0
247

ਬਨੂੜ : ਕਸਬਾ ਬਨੂੜ ਦੀ ਕੋਮਲ ਬਾਜਵਾ ਕੈਨੇਡਾ ਦੀ ਯੂਨੀਵਰਸਿਟੀ ’ਚ ਸਟੱਡੀ ਵੀਜ਼ੇ ’ਤੇ ਪੜ੍ਹਾਈ ਕਰਨ ਲਈ 14 ਅਪ੍ਰੈਲ ਨੂੰ ਗਈ ਸੀ, ਜਿਸ ਦੀ ਸੜਕ ਹਾਦਸੇ ’ਚ 26 ਮਈ ਨੂੰ ਕੈਨੇਡਾ ’ਚ ਮੌਤ ਹੋ ਗਈ। ਕੋਮਲਪ੍ਰੀਤ ਕੌਰ (23) ਕੈਨੇਡਾ ਦੇ ਬਰੈਂਪਟਨ ’ਚ ਪੜ੍ਹਾਈ ਕਰਨ ਗਈ ਸੀ। ਕੈਨੇਡਾ ਦੇ ਸਮੇਂ ਮੁਤਾਬਕ ਸ਼ੁੱਕਰਵਾਰ ਸਵੇਰੇ 6.46 ਵਜੇ ਕੋਮਲਪ੍ਰੀਤ ਕੌਰ ਆਪਣੀਆਂ ਸਹੇਲੀਆਂ ਨਾਲ ਕੰਮ ’ਤੇ ਜਾ ਰਹੀ ਸੀ ਤਾਂ ਰਸਤੇ ’ਚ ਚਾਰ ਗੱਡੀਆਂ ਆਪਸ ’ਚ ਟਕਰਾ ਗਈਆਂ। ਹਾਦਸੇ ਦੌਰਾਨ ਕੋਮਲਪ੍ਰੀਤ ਦੀ ਗੱਡੀ ਦੀ ਖਿੜਕੀ ਖੁੱਲ੍ਹਣ ਨਾਲ ਉਹ ਸੜਕ ’ਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ’ਚ ਦੂਜੀ ਗੱਡੀ ’ਚ ਸਵਾਰ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਕੋਮਲਪ੍ਰੀਤ ਕੌਰ ਦੀ ਮੌਤ ਦੀ ਖਬਰ ਜਦੋਂ ਉਸ ਦੇ ਘਰ ਪੁੱਜੀ ਤਾਂ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਕਿਉਂਕਿ ਢਾਈ ਮਹੀਨੇ ਪਹਿਲਾਂ ਹੀ ਕੋਮਲਪ੍ਰੀਤ ਦੇ ਪਿਤਾ ਜੋਧਾ ਸਿੰਘ ਦੀ ਕੈਂਸਰ ਕਾਰਨ ਮੌਤ ਹੋਈ ਸੀ। ਆਪਣੇ ਪਿਓ ਦੇ ਭੋਗ ਬਾਅਦ ਕੋਮਲਪ੍ਰੀਤ ਤੇ ਉਸ ਦਾ ਭਰਾ ਦੀਦਾਰ ਸਿੰਘ ਪੜ੍ਹਾਈ ਲਈ ਕੈਨੇਡਾ ਗਏ ਸਨ। ਪਰਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ।

LEAVE A REPLY

Please enter your comment!
Please enter your name here