ਜਲਾਲਾਬਾਦ/ਘੁਬਾਇਆ (ਰਣਬੀਰ ਕੌਰ ਢਾਬਾਂ/ਸਤਨਾਮ ਸਿੰਘ/ਜੀਤ ਕੁਮਾਰ)
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਲਈ, ਹਰ ਵਿਦਿਆਰਥੀ ਲਈ ਮੁਫਤ ਅਤੇ ਲਾਜ਼ਮੀ ਵਿੱਦਿਆ ਦੀ ਗਰੰਟੀ, ਹਰ ਨਾਗਰਿਕ ਨੂੰ ਮੁਫਤ ਸਿਹਤ ਸਹੂਲਤਾਂ, ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਕਰਵਾਉਣ ਅਤੇ ਦੇਸ਼ ਵਿੱਚ ਬਲਾਕ ਪੱਧਰ ’ਤੇ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਭਗਤ ਸਿੰਘ ਭਵਨ ਉਸਾਰੇ ਜਾਣ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਐਤਵਾਰ ਦੋ ਰੋਜ਼ਾ ‘ਬਨੇਗਾ ਵਲੰਟੀਅਰ ਪੈਦਲ ਮਾਰਚ’ ਦਾ ਆਗਾਜ਼ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਮੌਜੇ ਵਾਲਾ ਪੁਲ ਤੋਂ ਸਧਾਰਨ ਵਲੰਟੀਅਰਾਂ ਵੱਲੋਂ ਪੈਦਲ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਪੈਦਲ ਮਾਰਚ ਵਿਚ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿਚੋਂ ਹਜ਼ਾਰਾਂ ਲਾਲ ਵਰਦੀਧਾਰੀ ਵਲੰਟੀਅਰਾਂ (ਸਵੈ-ਇੱਛੁਕ, ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀ ਟੀ ਸ਼ਰਟ) ਵੱਲੋਂ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ।
ਇਸ ਪੈਦਲ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਜ਼ਿਲ੍ਹਾ ਪ੍ਰਧਾਨ ਹਰਭਜਨ ਛਪੜੀਵਾਲਾ, ਜ਼ਿਲ੍ਹਾ ਸਕੱਤਰ ਸੁਬੇਗ ਸਿੰਘ ਝੰਗੜ ਭੈਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਵਿਦਿਆਰਥੀ ਲੜਕੀਆਂ ਦੀ ਸੂਬਾਈ ਕੋ-ਕਨਵੀਨਰ ਸੰਜਨਾ ਢਾਬਾਂ, ਜ਼ਿਲ੍ਹਾ ਆਗੂ ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ ਆਦਿ ਨੇ ਕੀਤੀ। ਇਸ ਪੈਦਲ ਮਾਰਚ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਲਈ ਕੇਰਲਾ ਤੋਂ ਸੀ ਪੀ ਆਈ ਦੇ ਸੰਸਦ ਮੈਂਬਰ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪੀ. ਸੰਦੋਸ ਕੁਮਾਰ, ਮੌਜੂਦਾ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਵਰਿੰਦਰ ਖੁਰਾਣਾ, ਗੁਰਜੀਤ ਸਰਦੂਲਗੜ੍ਹ, ਕਰਮਵੀਰ ਕੌਰ ਬਧਨੀ, ਜਸਪ੍ਰੀਤ ਬਧਨੀ ਵੀ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨਾਲ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੁਰਿੰਦਰ ਸਿੰਘ ਢੰਡੀਆਂ, ਬਲਾਕ ਪ੍ਰਧਾਨ ਕਿ੍ਰਸ਼ਨ ਧਰਮੂਵਾਲਾ, ਭਗਵਾਨ ਦਾਸ ਬਹਾਦਰਕੇ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਬਨਵਾਲਾ, ਜੰਮੂ ਰਾਮ ਬਨਵਾਲਾ, ਬਲਵੰਤ ਚੌਹਾਨਾ ਆਦਿ ਹਾਜ਼ਰ ਸਨ। ਬਨੇਗਾ ਵਲੰਟੀਅਰ ਪੈਦਲ ਮਾਰਚ ਰਵਾਨਾ ਕਰਨ ਮੌਕੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਵਿਦਿਆਰਥੀਆਂ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ ਨੇ ਕਿਹਾ ਕਿ ਹੁਣ ਤੱਕ ਬਣੀਆਂ ਸਰਕਾਰਾਂ ਨੇ ਜਵਾਨੀ ਨੂੰ ਸਿਰਫ ਆਪਣੀਆਂ ਵੋਟਾਂ ਲਈ ਹੀ ਵਰਤਿਆ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਆਪਣੇ ਹਾਲ ’ਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਹੈ। ਜਵਾਨੀ ਨੇ ਜਦੋਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ ਤਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਅਤੇ ਮੰਡੀਰ, ਨਸ਼ੇੜੀ ਅਤੇ ਗੈਂਗਸਟਰ ਆਦਿ ਨਾਵਾਂ ਨਾਲ ਨਿਵਾਜਿਆ ਹੈ। ਆਗੂਆਂ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਕਰੋੜਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਇਕ ਪਾਸੇ ਆਧੁਨਿਕ ਮਸ਼ੀਨ ਨੇ ਮਨੁੱਖ ਨੂੰ ਸੌਖਾ ਕੀਤਾ ਹੈ, ਪਰ ਮਸ਼ੀਨ ਦਾ ਮੁਨਾਫਾ ਕੁਝ ਕੁ ਹੱਥਾਂ ਵਿੱਚ ਜਾ ਰਿਹਾ ਹੈ। ਦੂਜੇ ਪਾਸੇ ਦੇਸ਼ ਦੀ 90 ਫੀਸਦੀ ਆਮ ਵਸੋਂ ਸਿਰਫ ਦਿਨ ਕਟੀ ਕਰਨ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਚਲਾਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਨੇ ਪੰਜਾਬ ਵਿਚ ਜਵਾਨੀ ਨੂੰ ਰੁਜ਼ਗਾਰ ਦੇ ਮੁੱਦੇ ’ਤੇ ਚੇਤਨ ਕੀਤਾ ਹੈ, ਜਿਸ ਦਾ ਨਤੀਜਾ ਹੈ ਕਿ ਅੱਜ ਨਿਰੋਲ ਜਵਾਨੀ ਰੁਜ਼ਗਾਰ ਦੀ ਮੰਗ ਤੇ ਦੇਸ਼ ਪੱਧਰ ’ਤੇ ਲਾਮਬੰਦ ਹੋ ਰਹੀ ਹੈ। ਅੱਜ ਸ਼ੁਰੂ ਕੀਤਾ ਬਨੇਗਾ ਵਲੰਟੀਅਰ ਪੈਦਲ ਮਾਰਚ ਸਿਰਫ ਫਾਜ਼ਿਲਕਾ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਹ ਇਕ ਬਨੇਗਾ ਲਹਿਰ ਦਾ ਰੂਪ ਧਾਰ ਕੇ ਦੇਸ਼ ਦੀ ਜਵਾਨੀ ਨੂੰ ਬਨੇਗਾ ਪ੍ਰਾਪਤੀ ਲਈ ਇਕਜੁੱਟ ਹੋਣ ਦਾ ਸੱਦਾ ਹੈ। ਇਹ ਸਿਰਫ ਸ਼ੁਰੂਆਤ ਹੈ, ਅੰਤ ਜਿੱਤ ਯਕੀਨੀ ਹੋਵੇਗੀ। ਇਸ ਮੌਕੇ ਬਨੇਗਾ ਵਲੰਟੀਅਰ ਪੈਦਲ ਮਾਰਚ ਰਵਾਨਾ ਹੋਣ ਤੋਂ ਪਹਿਲਾਂ ਇਥੇ ਪਿੰਡ ਦੇ ਲੋਕਾਂ ਅਤੇ ਸਮਾਜ ਸੇਵੀ ਵਿਅਕਤੀਆਂ ਵੱਲੋਂ ਪੈਦਲ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੇ ਵਲੰਟੀਅਰਾਂ ਲਈ ਵਿਸ਼ੇਸ਼ ਤੌਰ ’ਤੇ ਚਾਹ, ਮੱਠੀਆਂ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ।
ਇਸ ਬਨੇਗਾ ਵਲੰਟੀਅਰ ਪੈਦਲ ਮਾਰਚ ਵਿੱਚ ਸੰਦੀਪ ਜੋਧਾ, ਕਰਨੈਲ ਬੱਘੇਕੇ, ਮਲਕੀਤ ਲਮੋਚੜ, ਕੁਲਦੀਪ ਬਖੂਸ਼ਾਹ, ਹੁਸ਼ਿਆਰ ਕਾਵਾਂਵਾਲਾ, ਹਰਮਨ ਕੌਰ ਦੋਨਾ ਨਾਨਕਾ, ਅਵਨ ਤੋਤਿਆਂ ਵਾਲੀ, ਨੀਲਮ ਝੰਗੜ ਭੈਣੀ, ਜਰਨੈਲ ਢਾਬਾਂ, ਬਲਜੀਤ ਮਹੂਆਣਾ ਅਤੇ ਗੁਰਜੀਤ ਪਾਲੀਵਾਲਾ ਆਦਿ ਦੀ ਅਗਵਾਈ ਵਿੱਚ ਵਰਦੀਧਾਰੀ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।