ਸ੍ਰੀ ਫ਼ਤਹਿਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)
ਸਰਹਿੰਦ ਨੇੜੇ ਜੀ ਟੀ ਰੋਡ ’ਤੇ ਸਥਿਤ ਪਿੰਡ ਭੱਟਮਾਜਰਾ ਲਾਗੇ ਕਾਰ ’ਚ ਆਏ ਹਥਿਆਰਬੰਦ ਵਿਅਕਤੀ ਸੋਮਵਾਰ ਦਿਨ-ਦਿਹਾੜੇ ਪੈਟਰੌਲ ਪੰਪ ਦੇ ਮੁਲਾਜ਼ਮਾਂ ਤੋਂ 40 ਲੱਖ ਰੁਪਏ ਤੋਂ ਵੱਧ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਲੁੱਟ ਦੀ ਇਸ ਵਾਰਦਾਤ ਸਬੰਧੀ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਟਰੌਲ ਪੰਪ ਦੇ ਕਰਿੰਦੇ ਹਰਮੀਤ ਸਿੰਘ ਵਾਸੀ ਪਿੰਡ ਸਿੱਧੂਵਾਲ ਨੇ ਦੱਸਿਆ ਕਿ ਉਹ ਪਿੰਡ ਭੱਟਮਾਜਰਾ ਨੇੜੇ ਸਥਿਤ ਭਾਰਤ ਪੈਟਰੋਲੀਅਮ ਕੰਪਨੀ ਦੇ ਪੰਪ ’ਤੇ ਕੰਮ ਕਰਦਾ ਹੈ ਤੇ ਬੀਤੇ ਦੋ ਦਿਨ ਬੈਂਕ ’ਚ ਛੁੱਟੀ ਹੋਣ ਕਾਰਨ ਪੰਪ ’ਤੇ ਕੈਸ਼ ਕਾਫੀ ਇਕੱਠਾ ਹੋ ਗਿਆ ਸੀ, ਜਿਸ ’ਤੇ ਸਵੇਰੇ ਉਹ ਸਵਿਫਟ ਕਾਰ ’ਚ ਹਥਿਆਰਬੰਦ ਸਕਿਓਰਟੀ ਗਾਰਡ ਨੂੰ ਨਾਲ ਲੈ ਕੇ ਸਰਹਿੰਦ ਵਿਖੇ ਬੈਂਕ ’ਚ ਨਕਦੀ ਜਮ੍ਹਾਂ ਕਰਵਾਉਣ ਲਈ ਪੰਪ ਤੋਂ ਰਵਾਨਾ ਹੋਏ ਤੇ ਸਵੇਰੇ ਕਰੀਬ 10.40 ਵਜੇ ਉਹ ਜਦੋਂ ਪੰਪ ਤੋਂ ਕੁਝ ਦੂਰੀ ’ਤੇ ਸਥਿਤ ਪੁਲ ਦੇ ਹੇਠਾਂ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਆਈ 20 ਕਾਰ ਆ ਕੇ ਰੁਕ ਗਈ, ਜਿਸ ’ਚੋਂ ਉੱਤਰੇ 4 ਦੇ ਕਰੀਬ ਵਿਅਕਤੀਆਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਸਿਰ ’ਤੇ ਟੋਪੀਆਂ ਲਈ ਹੋਈਆਂ ਸਨ, ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਉਸ ਨੇ ਕਾਰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਉਕਤ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਹ ਕਾਰ ’ਚ ਪਈ 40 ਲੱਖ 80 ਹਜ਼ਾਰ ਦੀ ਨਕਦੀ ਤੇ ਸਕਿਓਰਟੀ ਗਾਰਡ ਦੀ ਗੰਨ ਖੋਹ ਕੇ ਰਾਜਪੁਰਾ ਵੱਲ ਨੂੰ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ’ਤੇ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।




