ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸੋਮਵਾਰ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਵੀ ਆਪਣਾ ਕਰਨਾਟਕ ਵਾਲਾ ਪ੍ਰਦਰਸ਼ਨ ਦੁਹਰਾਏਗੀ। ਉਨ੍ਹਾ ਕਿਹਾ ਕਿ ਕਰਨਾਟਕ ’ਚ ਪਾਰਟੀ ਨੂੰ 136 ਸੀਟਾਂ ਮਿਲੀਆਂ ਤੇ ਮੱਧ ਪ੍ਰਦੇਸ਼ ’ਚ 150 ਸੀਟਾਂ ਹਾਸਲ ਕਰੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਸੂਬਾ ਇਕਾਈ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਮੀਟਿੰਗ ’ਚ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ-ਸਾਡੀ ਲੰਬੀ ਗੱਲਬਾਤ ਹੋਈ। ਸਾਡਾ ਅੰਦਰੂਨੀ ਮੁਲਾਂਕਣ ਇਹ ਹੈ ਕਿ ਅਸੀਂ ਮੱਧ ਪ੍ਰਦੇਸ਼ ’ਚ 150 ਸੀਟਾਂ ਜਿੱਤ ਰਹੇ ਹਾਂ। ਇਹ ਪੁੱਛਣ ’ਤੇ ਕਿ ਕੀ ਕਮਲਨਾਥ ਮੱਧ ਪ੍ਰਦੇਸ਼ ’ਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਰਾਹੁਲ ਗਾਂਧੀ ਨੇ ਸਿਰਫ ਇੰਨਾ ਹੀ ਕਿਹਾ-ਅਸੀਂ 150 ਸੀਟਾਂ ਜਿੱਤ ਰਹੇ ਹਾਂ। ਉਧਰ, ਮੱਧ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਰਾਹੁਲ ਦਾ ਦਾਅਵਾ ਰੱਦ ਕਰਦਿਆਂ ਕਿਹਾ ਹੈ ਕਿ ਭਾਜਪਾ 200 ਤੋਂ ਵੱਧ ਸੀਟਾਂ ਜਿੱਤੇਗੀ। ‘‘ਉਨਕੋ ਖਯਾਲੀ ਪੁਲਾਓ ਪਕਾਨੇ ਹੈਂ ਤੋ ਪਕਾਤੇ ਰਹੇਂ।’’




