ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਮੰਗਲਵਾਰ ਸਪੱਸ਼ਟ ਕੀਤਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਪੀਐੱਮ-ਕੁਸੁਮ ਸਕੀਮ ਤਹਿਤ ਸੂਬੇ ਵਿੱਚ ਖੇਤੀਬਾੜੀ ਸੋਲਰ ਪੰਪ ਲਗਾਉਣ ਲਈ ਅਰਜੀਆਂ ਦੀ ਮੰਗ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਰਾਰਤੀ ਅਨਸਰਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਸੋਲਰ ਪੰਪ ਲਗਵਾਉਣ ਦਾ ਝਾਂਸਾ ਦੇਣ ਲਈ ਫਰਜੀ ਫੇਸਬੁੱਕ ਅਕਾਊਂਟ ਅਤੇ ਪੀਐੱਮ-ਕੁਸੁਮ ਪੋਰਟਲ ਬਣਾਇਆ ਗਿਆ ਹੈ। ਇਹ ਸਰਾਰਤੀ ਅਨਸਰ ਕਿਸਾਨਾਂ ਤੋਂ ਐਡਵਾਂਸ ਰਕਮ ਤੋਂ ਇਲਾਵਾ ਉਨ੍ਹਾਂ ਦੇ ਜਮੀਨ, ਬੈਂਕ ਖਾਤਿਆਂ, ਆਧਾਰ ਕਾਰਡ ਸਬੰਧੀ ਦਸਤਾਵੇਜ ਅਤੇ ਫੋਟੋਆਂ ਮੰਗ ਰਹੇ ਹਨ। ਅਜਿਹੇ ਸਰਾਰਤੀ ਅਨਸਰਾਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਪੇਡਾ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਹਨ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਉਨ੍ਹਾਂ ਨੇ ਪੇਡਾ ਦੇ ਅਧਿਕਾਰੀਆਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਜੋ ਜੇ ਕੋਈ ਇਸ ਸਕੀਮ ਤਹਿਤ ਸੋਲਰ ਪੰਪ ਲਗਵਾਉਣ ਲਈ ਪੈਸੇ ਜਾਂ ਦਸਤਾਵੇਜਾਂ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਤੁਰੰਤ ਜੁਆਇੰਟ ਡਾਇਰੈਕਟਰ ਰਾਜੇਸ ਬਾਂਸਲ (94174-80801), ਸੀਨੀਅਰ ਮੈਨੇਜਰ ਹਰਨੇਕ ਸਿੰਘ (94178-51616) ਅਤੇ ਮੈਨੇਜਰ ਨਯਾਬ ਮਿੱਤਲ (79867-37895) ਨਾਲ ਸੰਪਰਕ ਕੀਤਾ ਜਾਵੇ। ਕਿਸਾਨਾਂ ਨੂੰ ਅਜਿਹੇ ਸਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਇਸ ਸਬੰਧੀ ਕੋਈ ਇਸਤਿਹਾਰ ਜਾਂ ਸੋਸਲ ਮੀਡੀਆ ਸੰਦੇਸ ਮਿਲਦਾ ਹੈ ਤਾਂ ਉਹ ਪੇਡਾ ਅਧਿਕਾਰੀਆਂ ਨਾਲ ਤੁਰੰਤ ਫੋਨ ਉਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੇਡਾ ਵੱਲੋਂ ਪੀਐੱਮ-ਕੁਸੁਮ ਸਕੀਮ ਤਹਿਤ ਸੋਲਰ ਪੰਪ ਸੈੱਟ ਲਗਾਉਣ ਲਈ ਅਰਜੀਆਂ ਮੰਗੀਆਂ ਜਾਣਗੀਆਂ ਤਾਂ ਇਸ ਸਬੰਧੀ ਅਖਬਾਰਾਂ ਅਤੇ ਹੋਰ ਅਧਿਕਾਰਤ ਮੀਡੀਆ ਪਲੇਟਫਾਰਮਾਂ ਰਾਹੀਂ ਸਾਰਿਆਂ ਨੂੰ ਸੂਚਿਤ ਕੀਤਾ ਜਾਵੇਗਾ।




