ਚੰਡੀਗੜ੍ਹ : ਆਮ ਆਦਮੀ ਪਾਰਟੀ ਬੁੱਧਵਾਰ ਨੂੰ ਇੱਥੇ ਪਾਰਟੀ ਆਗੂਆਂ ਦੀ ਤਾਕਤ ਅਤੇ ਏਕਤਾ ਦਾ ਵਿਸ਼ਾਲ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੁੱਧਵਾਰ ਸ਼ਾਮ ਨੂੰ ਇੱਥੇ ਪਹੁੰਚਣ ਦੇ ਨਾਲ ਰਾਤ ਨੂੰ ਪਾਰਟੀ ਦੇ ਸਾਰੇ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਤੋਂ ਇਲਾਵਾ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਸ਼ਾਲ ਇਕੱਠ ਹੋਣ ਵਾਲਾ ਹੈ। ਰਾਤ ਦੇ ਖਾਣੇ ਦੀ ਮੇਜ਼ਬਾਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰੀ ਰਿਹਾਇਸ਼ ’ਤੇ ਕਰ ਰਹੇ ਹਨ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਰਾਤ ਦੇ ਖਾਣੇ ਲਈ ਆਉਣ ਵਾਲਿਆਂ ਨੂੰ ਆਪਣੇ ਪਰਵਾਰਾਂ ਸਮੇਤ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਰਾਤ ਦੇ ਖਾਣੇ ਦਾ ਮੁੱਖ ਮਕਸਦ ਦਿੱਲੀ ਵਿਚ ਅਧਿਕਾਰੀਆਂ ’ਤੇ ਕੰਟਰੋਲ ਰੱਖਣ ਲਈ ਕੇਂਦਰ ਵੱਲੋਂ ਲਿਆਂਦੇ ਆਰਡੀਨੈਂਸ ਤੋਂ ਵੀ ਜਾਣੂ ਕਰਵਾਉਣਾ ਹੈ। ਜਲੰਧਰ ਉਪ ਚੋਣ ਵਿਚ ਪਾਰਟੀ ਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਪੰਜਾਬ ਦੇ ਆਗੂਆਂ ਨੂੰ ਪਾਰਟੀ ਦੇ ‘ਆਰਡੀਨੈਂਸ ਦੇ ਨੁਕਸਾਨ’ ਤੋਂ ਵੀ ਜਾਣੂ ਕਰਵਾਇਆ ਜਾਣਾ ਹੈ। ਪਤਾ ਲੱਗਾ ਹੈ ਕਿ ਆਰਡੀਨੈਂਸ ਵਿਰੁੱਧ ਡੀ ਐੱਮ ਕੇ ਅਤੇ ਬੀ ਜੇ ਡੀ ਦਾ ਸਮਰਥਨ ਹਾਸਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨਾਲ ਵੀਰਵਾਰ ਨੂੰ ਤਾਮਿਲਨਾਡੂ ਅਤੇ ਓਡੀਸ਼ਾ ਲਈ ਰਵਾਨਾ ਹੋਣਗੇ।




