ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਸੋਮਵਾਰ ਰਾਤ ਆਨਲਾਈਨ ਹੋਈ। ਮੀਟਿੰਗ ’ਚ ਭਲਵਾਨ ਐਕਸ਼ਨ ਕਮੇਟੀ ਦੇ ਨੁਮਾਇੰਦੇ ਬਜਰੰਗ ਪੂਨੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬਜਰੰਗ ਨੇ ਕਿਹਾ ਕਿ ਭਲਵਾਨਾਂ ਦੀ ਵਰਕਿੰਗ ਕਮੇਟੀ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ’ਚ ਮੋਰਚੇ ਦੇ ਫੈਸਲਿਆਂ ਦਾ ਪੂਰਾ ਸਮਰਥਨ ਕਰੇਗੀ ਅਤੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਪੂਰੀ ਹੋਣ ਤੱਕ ਸੁਤੰਤਰ ਰੂਪ ’ਚ ਸੰਘਰਸ਼ ਜਾਰੀ ਰੱਖਣ ਲਈ ਹਰ ਸੰਭਵ ਯਤਨ ਕਰੇਗੀ। ਮੀਟਿੰਗ ’ਚ ਭਰੋਸਾ ਦਿੱਤਾ ਗਿਆ ਕਿ ਮੋਰਚਾ ਭਲਵਾਨਾਂ ਦੀ ਜਿੱਤ ਤੱਕ ਸੰਘਰਸ਼ ’ਚ ਸਰਗਰਮੀ ਨਾਲ ਹਿੱਸਾ ਲਵੇਗਾ। ਮੀਟਿੰਗ ’ਚ ਵਿਚਾਰ-ਵਟਾਂਦਰਾ ਕਰਨ ਉਪਰੰਤ ਅਗਲੇਰੀ ਕਾਰਵਾਈ ਦਾ ਫੈਸਲਾ ਕੀਤਾ ਗਿਆ। ਮੋਰਚੇ ਵੱਲੋਂ ਬਿਆਨ ’ਚ ਕਿਹਾ ਗਿਆ ਕਿ ਜੂਨ ’ਚ ਭਾਰਤ ਭਰ ਦੇ ਸਾਰੇ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ’ਤੇ ਵਿਸ਼ਾਲ ਪ੍ਰਦਰਸ਼ਨਾਂ ਅਤੇ ਪੁਤਲੇ ਸਾੜਨ ਦਾ ਸੱਦਾ ਦਿੱਤਾ ਜਾਵੇਗਾ, ਤਾਂ ਜੋ ਸਾਰੇ ਨਾਗਰਿਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਅਤੇ ਭਾਜਪਾ ਸੰਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਕਰਨ ਦੇ ਸੰਵਿਧਾਨਕ ਅਧਿਕਾਰ ਦੀ ਰੱਖਿਆ ਕੀਤੀ ਜਾ ਸਕੇ। ਮੋਰਚਾ ਇਸ ਐਕਸ਼ਨ ਨੂੰ ਵਿਸ਼ਾਲ ਅਤੇ ਸਫਲ ਬਣਾਉਣ ਲਈ ਟਰੇਡ ਯੂਨੀਅਨਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਵਪਾਰੀਆਂ, ਬੁੱਧੀਜੀਵੀਆਂ ਅਤੇ ਸਮਾਜਕ ਅੰਦੋਲਨਾਂ ਸਮੇਤ ਹੋਰ ਸਾਰੇ ਵਰਗਾਂ ਨਾਲ ਤਾਲਮੇਲ ਕਰੇਗਾ। ਬਿਆਨ ਚ ਕਿਹਾ ਗਿਆ ਕਿ 5 ਜੂਨ, ਜਿਸ ਦਿਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਸਮਰਥਨ ’ਚ ਹਿੰਦੂਵਾਦੀ ਫੈਜ਼ਾਬਾਦ ’ਚ ਰੈਲੀ ਕਰਨਗੇ, ਸੰਯੁਕਤ ਕਿਸਾਨ ਮੋਰਚਾ ਉਸ ਦੇ ਹੁਣ ਤੱਕ ਦੇ ਅਪਰਾਧਿਕ ਵਿਹਾਰ ਨੂੰ ਬੇਨਕਾਬ ਕਰਨ ਅਤੇ ਪੂਰੇ ਭਾਰਤ ’ਚ ਪਿੰਡ ਅਤੇ ਕਸਬੇ ਪੱਧਰ ’ਤੇ ਉਸ ਦਾ ਪੁਤਲਾ ਫੂਕਣ ਦੀ ਯੋਜਨਾ ਬਣਾ ਰਿਹਾ ਹੈ। ਮੋਰਚਾ 5 ਜੂਨ ਤੋਂ ਤੁਰੰਤ ਬਾਅਦ ਨਵੀਂ ਦਿੱਲੀ ’ਚ ਰਾਸ਼ਟਰੀ ਕੌਂਸਲ ਦੀ ਮੀਟਿੰਗ ਬੁਲਾਏਗਾ ਅਤੇ ਸੰਘਰਸ਼ ਨੂੰ ਜਾਰੀ ਰੱਖਣ ਲਈ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰੇਗਾ।




