ਮਾਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਿਰਾਸਤ ਤੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਸ਼ੁਰੂ

0
360

ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਕੂਲ 2 ਜੁਲਾਈ ਨੂੰ ਮੁੜ ਤੋਂ ਖੁੱਲ੍ਹਣਗੇ। ਇਸ ਵਾਰ ਪੰਜਾਬ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਨੂੰ ਪੰਜਾਬ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸੰਬੰਧੀ ਸੋੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇੱਕ ਨਿਵੇਕਲੀ ਪਹਿਲ, ਆਪ ਜੀ ਦੇ ਸਾਥ ਦੀ ਲੋੜ ਹੈ। ਪੰਜਾਬ ਦੇ ਸਕੂਲਾਂ ’ਚ ਚੱਲ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ, ਚਾਹੇ ਉਹ ਕਿਸੇ ਵੀ ਬੋਰਡ ਨਾਲ ਸੰਬੰਧਤ ਹੋਣ, ਦੇ ਵਿਦਿਆਰਥੀਆਂ ਨੂੰ ਪੰਜਾਬ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸਕੂਲਾਂ ਵੱਲੋਂ ਦਿੱਤੇ ਹੋਮਵਰਕ ਦੇ ਨਾਲ-ਨਾਲ ਹੁਣ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਨਗੇ (ਛੁੱਟੀਆਂ ਦੌਰਾਨ ਕੁੱਲ 30 ਸ਼ਬਦ) ਇਸੇ ਤਰ੍ਹਾਂ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਠੇਠ ਪੰਜਾਬੀ ਸ਼ਬਦਾਂ ਦੇ ਨਾਲ-ਨਾਲ ਦੇਸੀ ਮਹੀਨਿਆਂ ਦੇ ਨਾਂਅ (ਬਾਰਾਂ ਮਾਹ), ਇਹਨਾਂ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਦੇਸੀ ਮਹੀਨਿਆਂ ਦਾ ਰੁੱਤਾਂ ਨਾਲ ਕੀ ਸੰਬੰਧ, ਯਾਦ ਕਰਨਗੇ। ਉਮੀਦ ਹੈ ਕਿ ਸਾਡੇ ਇਸ ਨਿਵੇਕਲੇ ਉਪਰਾਲੇ ਨੂੰ ਸੂਬੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀ ਅਤੇ ਮਾਪੇ ਪਸੰਦ ਕਰਨਗੇ ਅਤੇ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਖੋਜਣ ਦੀ ਜਗਿਆਸਾ ਅਤੇ ਉਹਨਾਂ ਬਾਰੇ ਸਮਝ ਵਿਕਸਤ ਹੋਣ ਨਾਲ ਨਵੀਂ ਪੀੜ੍ਹੀ ਪੁਰਾਣੇ ਸੱਭਿਆਚਾਰ ਨਾਲ ਜੁੜੇਗੀ। ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਹਫਤਾਵਾਰੀ ਹੋਮਵਰਕ ਭੇਜਿਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਨੋਵਿਗਿਆਨ ਅਨੁਸਾਰ ਤਿਆਰ ਕਰਵਾਏ ਹੋਮਵਰਕ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਇਸ ਦਾ ਮਾਪਿਆਂ ’ਤੇ ਕੋਈ ਵੀ ਆਰਥਕ ਬੋਝ ਨਾ ਪਵੇ।

LEAVE A REPLY

Please enter your comment!
Please enter your name here