ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਨੇ ਲਏ ਅਹਿਮ ਫੈਸਲੇ

0
223

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੀ ਸ਼ਨੀਵਾਰ ਹੋਈ ਜਨਰਲ ਬਾਡੀ ਮੀਟਿੰਗ ਨੇ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਕੀਤਾ ਕਿ 24 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਿੱਖਿਆ ਨੀਤੀ ਦੀ ਹਕੀਕਤ ਸੰਬੰਧੀ ਸੈਮੀਨਾਰ ਕੀਤਾ ਜਾਏਗਾ। ਸੈਮੀਨਾਰ ’ਚ ਪਹਿਲਾ ਸੈਸ਼ਨ: ਕੌਮੀ ਸਿੱਖਿਆ ਨੀਤੀ 2020, ਸਿੱਖਿਆ ਦਾ ਨਿੱਜੀਕਰਨ ਅਤੇ ਦੂਜਾ ਸੈਸ਼ਨ : ਕੌਮੀ ਸਿੱਖਿਆ ਨੀਤੀ 2020, ਸਿੱਖਿਆ, ਵਿਗਿਆਨ ਅਤੇ ਤਰਕਸ਼ੀਲਤਾ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਜਾਏਗੀ।
ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਨਰਲ ਬਾਡੀ ਮੀਟਿੰਗ ਦੇ ਵੇਰਵਿਆਂ ਬਾਰੇ ਦੱਸਿਆ ਕਿ ਇਹ ਮਾਮਲਾ ਮਹਿਜ਼ ਵਿਦਿਅਕ ਖੇਤਰ ਦੇ ਅਦਾਰਿਆਂ ਅੰਦਰ ਸਿਲੇਬਸ ਬਦਲੀ, ਨਵੇਂ ਸਿਲੇਬਸ ਦੇ ਦਾਖਲਾ ਤੱਕ ਹੀ ਮਹਿਦੂਦ ਨਹੀਂ, ਇਹ ਸਮੁੱਚੀ ਸਮਾਜਕ, ਸੱਭਿਆਚਾਰਕ ਜ਼ਿੰਦਗੀ ਨਾਲ ਨੇੜਿਓਂ ਜੁੜਿਆ ਮੁੱਦਾ ਹੈ। ਇਸ ਨਾਲ ਦਰਸ਼ਨ, ਇਤਿਹਾਸ, ਰਾਜਨੀਤਕ, ਸਮਾਜਕ ਸ਼ਾਸਤਰ, ਸਾਹਿਤ, ਸੱਭਿਆਚਾਰ, ਵਿਗਿਆਨ ਅਤੇ ਕਲਾ ਦੀਆਂ ਸੂਖ਼ਮ ਵਿਧਾਵਾਂ ਜੁੜੀਆਂ ਹੋਈਆਂ ਹਨ। ਇਸ ਕਰਕੇ ਲੋਕਾਂ ਦੇ ਜਾਨ ਹੂਲਵੇਂ ਸੰਘਰਸ਼ ਨਾਲ ਸਿਰਜੇ ਮਹਾਨ, ਸਾਂਝੇ ਇਤਿਹਾਸ ਅਤੇ ਵਿਰਾਸਤ ਦੀ ਪਹਿਰੇਦਾਰੀ ਕਰਦਿਆਂ ਇਸ ਵਿੱਚ ਖੋਟ ਰਲਾਉਣ ਅਤੇ ਮੂਲੋਂ ਬਦਲਣ ਦੇ ਕੇਂਦਰੀ ਹਕੂਮਤ ਦੇ ਮਨਸ਼ਿਆਂ ਪ੍ਰਤੀ ਜਾਗਰੂਕ ਅਤੇ ਚੇਤਨ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਵਿਸ਼ੇ ਉਪਰ ਸੈਮੀਨਾਰ ਕਰਨ ਦਾ ਕਾਰਜ ਹੱਥ ਲਿਆ ਹੈ। ਉਹਨਾਂ ਕਿਹਾ ਕਿ ਇਸ ਸੈਮੀਨਾਰ ’ਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਕੁਲਦੀਪ ਪੁਰੀ ਵਕਤਾ ਹੋਣਗੇ। ਇਸ ਸੈਮੀਨਾਰ ਲਈ ਉਚੇਚੇ ਤੌਰ ’ਤੇ ਉੱਘੇ ਸਿੱਖਿਆ ਸ਼ਾਸਤਰੀ ਅਨਿਲ ਸਦ ਗੋਪਾਲ (ਭੂਪਾਲ) ਨੂੰ ਵੀ ਬੁਲਾਵਾ ਭੇਜਿਆ ਗਿਆ ਹੈ। ਮੀਟਿੰਗ ’ਚ ਇਹ ਫੈਸਲਾ ਵੀ ਕੀਤਾ ਗਿਆ ਕਿ ਝੋਨੇ ਦੀ ਲੁਆਈ ’ਚ ਕੰਮਕਾਰ ਅਤੇ ਕਾਲਜਾਂ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਿਖਿਆਰਥੀ ਚੇਤਨਾ ਕੈਂਪ ਸਤੰਬਰ ਮਹੀਨੇ ਦੇ ਢੁਕਵੇਂ ਦਿਨਾਂ ’ਚ ਲਾਇਆ ਜਾਏਗਾ। ਮੀਟਿੰਗ ’ਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਕੌਮਾਂਤਰੀ ਪੱਧਰ ਦੀਆਂ ਜੇਤੂ ਪਹਿਲਵਾਨ ਖਿਡਾਰਨਾਂ ਦੇ ਸਵੈਮਾਣ, ਆਬਰੂ ਨਾਲ ਖੇਡਣ ਅਤੇ ਮਾਨਸਕ ਤੌਰ ’ਤੇ ਪੀੜਤ ਕਰਨ ਵਾਲੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਏ। ਉਸ ਦੀ ਸਾਰੇ ਅਹੁਦਿਆਂ ਤੋਂ ਤੁਰੰਤ ਮੁਕੰਮਲ ਛੁੱਟੀ ਕੀਤੀ ਜਾਵੇ। ਪਹਿਲਵਾਨ ਖਿਡਾਰੀਆਂ ’ਤੇ ਮੜ੍ਹੇ ਝੂਠੇ ਕੇਸ ਵਾਪਸ ਲਏ ਜਾਣ। ਜੰਤਰ-ਮੰਤਰ ’ਤੇ ਪੁਰਅਮਨ ਧਰਨਾ ਲਗਾ ਕੇ ਆਪਣੀ ਹੱਕੀ ਆਵਾਜ਼ ਬੁਲੰਦ ਕਰਨ ਦਾ ਹੱਕ ਬਹਾਲ ਕੀਤਾ ਜਾਏ। ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਜੂਨ ਨੂੰ ਖਿਡਾਰੀਆਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਬਿ੍ਰਦ ਭੂਸ਼ਣ ਦੀਆਂ ਅਰਥੀਆਂ ਸਾੜਨ ਦੇ ਫੈਸਲੇ ਦਾ ਵੀ ਸਮਰਥਨ ਕੀਤਾ ਗਿਆ। ਉੱਘੀ ਜਮਹੂਰੀ ਕਾਰਕੁਨ, ਵਿਦਵਾਨ, ਲੇਖਕ ਅਤੇ ਰੰਗਕਰਮੀ ਡਾ. ਨਵਸ਼ਰਨ ਨੂੰ ਭਾਜਪਾ ਹਕੂਮਤ ਦੇ ਇਸ਼ਾਰਿਆਂ ’ਤੇ ਈ ਡੀ ਵੱਲੋਂ ਪ੍ਰੇਸ਼ਾਨ ਕਰਨ ਅਤੇ ਕੇਸ ਮੜ੍ਹਨ ਲਈ ਰੱਸੇ-ਪੈੜੇ ਵੱਟਣ ਦੇ ਕੋਝੇ ਯਤਨ ਫੌਰੀ ਬੰਦ ਕੀਤੇ ਜਾਣ ਦੀ ਜ਼ੋਰਦਾਰ ਮੰਗੀ ਕੀਤੀ ਗਈ। ਇਹ ਮਤਾ ਵੀ ਪਾਸ ਕੀਤਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜਨ, ਮਸਲਣ ਲਈ ਮੜ੍ਹੀ ਧਾਰਾ 295-ਏ (ਦੇਸ਼ ਧ੍ਰੋਹ), 124-ਏ, ਯੂ ਏ ਪੀ ਏ ਮੂਲੋਂ ਰੱਦ ਕੀਤੀ ਜਾਏ। ਭਾਸ਼ਾ ਵਿਗਿਆਨੀ ਅਤੇ ਲੋਕ ਧਾਰਾ ਦੇ ਖੋਜੀ ਲੇਖਕ ਡਾ. ਸੁਰਜੀਤ ਲ਼ੀ, ਲੇਖਕ ਕੇਹਰ ਸਰੀਫ਼ (ਜਰਮਨ), ਸਾਹਿਤਕ ਸੰਸਥਾਵਾਂ ਨਾਲ ਜੁੜੇ ਮਨਪ੍ਰੀਤ ਢਪਾਲੀ, ਤਨਵੀਰ ਬੁਖ਼ਾਰੀ, ਪ੍ਰੋ. ਵਰਿੰਦਰ ਮਹਿੰਦੀਰੱਤਾ, ਪ੍ਰੋ. ਪਿਆਰਾ ਸਿੰਘ ਭੋਗਲ ਦੇ ਵਿਛੋੜੇ ਅਤੇ ਓੜੀਸ਼ਾ ਵਿਖੇ ਵਾਪਰੇ ਰੇਲ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਵਾਰਾਂ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਗਹਿਰੇ ਦੁੱਖ ’ਚ ਸ਼ਰੀਕ ਹੋਣ ਦਾ ਖੜ੍ਹੇ ਹੋ ਕੇ ਇਜ਼ਹਾਰ ਕੀਤਾ ਗਿਆ। ਮੀਟਿੰਗ ’ਚ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਦੀ ਛੱਤ ਦੀ ਮੁਰੰਮਤ ਲਈ ਫੰਡ ਸੰਬੰਧੀ ਕੀਤੀ ਅਪੀਲ ਨੂੰ ਮਿਲੇ ਹੰੁਗਾਰੇ ’ਤੇ ਤਸੱਲੀ ਪ੍ਰਗਟ ਕਰਦਿਆਂ ਇਹ ਯਤਨ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਪਿਛਲੇ ਮਹੀਨਿਆਂ ’ਚ ਹੋਏ ਕੰਮਾਂ ਅਤੇ ਸਰਗਰਮੀਆਂ ਦੀ ਉਤਸ਼ਾਹਜਨਕ ਰਿਪੋਰਟ ਨੂੰ ਪਾਸ ਕਰਦਿਆਂ ਕਮੇਟੀ ਨੇ ਇਹ ਉੱਦਮ ਹੋਰ ਵੀ ਪ੍ਰਭਾਵਸ਼ਾਲੀ ਅੰਦਾਜ਼ ’ਚ ਭਵਿੱਖ਼ ’ਚ ਜਾਰੀ ਰੱਖਣ ਦਾ ਵਿਚਾਰ ਬਣਾਇਆ।

LEAVE A REPLY

Please enter your comment!
Please enter your name here