ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਦੇਸ਼-ਭਰ ’ਚ ‘ਡਾਰਕਨੈੱਟ’ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਐੱਲ ਐੱਸ ਡੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਸੰਬੰਧੀ ਔਰਤ ਸਣੇ 6 ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਪਾਸੋਂ 15000 ਬੋਤਲਾਂ ਐੱਲ ਐੱਸ ਡੀ ਜਾਂ ਲਾਈਸਰਜਿਕ ਐਸਿਡ ਡਾਇਥਾਈਲਾਮਾਈਡ ਬਰਾਮਦ ਕੀਤੀਆਂ ਹਨ। ਅਸਲ ’ਚ ਇਹ ਸਿੰਥੈਟਿਕ ਰਸਾਇਣ ਅਧਾਰਤ ਨਸ਼ੀਲਾ ਪਦਾਰਥ ਹੈ। ‘ਡਾਰਕ ਵੈੱਬ’ ਇੰਟਰਨੈੱਟ ਦਾ ਮਤਲਬ ਡੂੰਘਾਈ ’ਚ ਲੁਕੇ ਉਨ੍ਹਾਂ ਮੰਚਾਂ ਤੋਂ ਹੈ, ਜੋ ਨਸ਼ੇ ਵੇਚਣ, ਅਸ਼ਲੀਲ ਸਮੱਗਰੀ ਦਾ ਆਦਾਨ-ਪ੍ਰਦਾਨ ਕਰਨ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਲਈ ਵਰਤੇ ਜਾਂਦੇ ਹਨ। ਇੰਟਰਨੈੱਟ ’ਤੇ ਇਸ ਨੂੰ ਬੜੇ ਖੁਫੀਆ ਢੰਗ ਨਾਲ ਚਲਾਇਆ ਜਾਂਦਾ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਕਾਫੀ ਨਿਗਰਾਨੀ ਕਰਨੀ ਪੈਂਦੀ ਹੈ।