ਤਿ੍ਰਵਿੰਦਰਮ
(ਪਰਮਜੀਤ ਢਾਬਾਂ)
ਦੇਸ਼ ਦੇ ਵਕੀਲਾਂ ਦੀ ਜਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਨੈਸ਼ਨਲ ਕਾਨਫਰੰਸ ਕੇਰਲਾ ਦੀ ਰਾਜਧਾਨੀ ਤਿ੍ਰਵਿੰਦਰਮ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹੀ। ਕਾਨਫਰੰਸ ਦੇ ਆਖਰੀ ਦਿਨ ਦੇਸ਼ ਭਰ ਦੇ ਵਕੀਲਾਂ ਦੀ ਨੁਮਾਇੰਦਗੀ ਕਰਨ ਲਈ ਵੱਖ-ਵੱਖ ਸੂਬਿਆਂ ਤੋਂ ਕੌਮੀ ਕਾਰਜਕਾਰਨੀ ਅਤੇ ਕੌਮੀ ਕੌਂਸਲ ਮੈਂਬਰ ਚੁਣੇ ਗਏ। ਚੁਣੀ ਗਈ ਕੌਮੀ ਕਾਰਜਕਾਰਨੀ ਵੱਲੋਂ ਸੀਨੀਅਰ ਐਡਵੋਕੇਟ ਆਰ ਐੱਸ ਚੀਮਾ ਨੂੰ ਐਸੋਸੀਏਸ਼ਨ ਦਾ ਮੁੜ ਪ੍ਰਧਾਨ ਚੁਣਨ ਲਈ ਨਾਂਅ ਪੇਸ਼ ਕੀਤਾ ਗਿਆ, ਜਿਸ ਨੂੰ ਸਮੂਹ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸੇ ਤਰ੍ਹਾਂ ਮੁਰਲੀਧਰਨ ਨੂੰ ਸਰਬਸੰਮਤੀ ਨਾਲ ਕੌਮੀ ਜਨਰਲ ਸਕੱਤਰ ਚੁਣਿਆ ਗਿਆ। ਪੰਜਾਬ ਤੋਂ ਗਏ ਡੈਲੀਗੇਟਾਂ ਨੂੰ ਦੇਸ਼ ਅਤੇ ਵਿਦੇਸ਼ ਲਈ ਵਕੀਲਾਂ ਦੀ ਨੁਮਾਇੰਦਗੀ ਕਰਨ ਲਈ ਅਹਿਮ ਜਗ੍ਹਾ ਦਿੱਤੀ ਗਈ। ਪੰਜਾਬ ਨਾਲ ਸੰਬੰਧਤ ਐਡਵੋਕੇਟ ਹਰਚੰਦ ਸਿੰਘ ਬਾਠ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕਰੇਟਿਕ ਲਾਇਰਜ਼ ਦਾ ਮੈਂਬਰ ਚੁਣਿਆ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਐਡਵੋਕੇਟ ਜਸਪਾਲ ਸਿੰਘ ਦੱਪਰ ਨੂੰ ਕੌਮੀ ਸਕੱਤਰ ਚੁਣਿਆ ਗਿਆ। ਇਸ ਚਾਰ ਰੋਜ਼ਾ ਵਕੀਲਾਂ ਦੀ ਕਾਨਫਰੰਸ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ, ਜਿਸ ਵਿਚ ਸਭ ਤੋਂ ਮਹੱਤਵਪੂਰਨ ਮਤਾ ਨਵੇਂ ਬਣੇ ਵਕੀਲਾਂ ਦੇ ਸ਼ੁਰੂਆਤੀ ਦੌਰ ’ਚ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਨਵੇਂ ਵਕੀਲਾਂ ਨੂੰ ਪ੍ਰੈਕਟਿਸ ਸ਼ੁਰੂ ਕਰਨ ਲਈ ਕੇਰਲਾ ਸੂਬੇ ਦੀ ਤਰਜ਼ ’ਤੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿਵਾਉਣ ਲਈ ਮਤਾ ਪਾਸ ਕੀਤਾ ਗਿਆ। ਵਕੀਲਾਂ ਦੀ ਐਸੋਸੀਏਸ਼ਨ ਵੱਲੋਂ ਪਾਸ ਕੀਤੇ ਇਸ ਮਤੇ ਦੀ ਦੇਸ਼ ਦੇ ਸਮੂਹ ਨਵੇਂ ਵਕੀਲਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।