13.3 C
Jalandhar
Sunday, December 22, 2024
spot_img

ਚਰਚਾ ਛਿੜ ਗਈ ਖੜਗੇ ਦੀ

ਨਵੀਂ ਦਿੱਲੀ : ਕੌਮੀ ਰਾਜਧਾਨੀ ਵਿਚ ਚਰਚਾ ਹੈ ਕਿ ਕਾਂਗਰਸ ਦਲਿਤ ਪੱਤਾ ਖੇਡਦਿਆਂ 2024 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਦੇ ਮੁਕਾਬਲੇ ਆਪਣੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਚਿਹਰਾ ਬਣਾਏਗੀ। ਹਾਲਾਂਕਿ ਕਾਂਗਰਸੀ ਸੂਤਰਾਂ ਨੇ ਇਸ ਚਰਚਾ ਨੂੰ ਨਿਰੀ ਕਿਆਸਅਰਾਈ ਕਰਾਰ ਦਿੱਤਾ ਹੈ। ਅਬਜ਼ਰਵਰਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਇਹ ਫੈਸਲਾ ਮਾਸਟਰਸਟਰੋਕ ਹੋ ਸਕਦਾ ਹੈ। ਆਪੋਜ਼ੀਸ਼ਨ ਪਾਰਟੀਆਂ ਨੂੰ ਇਕੱਠੇ ਕਰਨ ਲਈ ਯਤਨਸ਼ੀਲ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂਨਾਈਟਿਡ) ਦੇ ਆਗੂ ਨਿਤੀਸ਼ ਕੁਮਾਰ ਵੱਲੋਂ 12 ਜੂਨ ਨੂੰ ਆਪੋਜ਼ੀਸ਼ਨ ਪਾਰਟੀਆਂ ਦੀ ਪਟਨਾ ਵਿਚ ਸੱਦੀ ਮੀਟਿੰਗ ਸੋਮਵਾਰ ਮੁਲਤਵੀ ਕਰ ਦੇਣ ਦੇ ਐਲਾਨ ਤੋਂ ਬਾਅਦ ਆਪੋਜ਼ੀਸ਼ਨ ਦੇ ਇਕ ਹਿੱਸੇ ਵਿਚ ਸਵਾਲ ਉਠਾਇਆ ਗਿਆ ਹੈ ਕਿ ਨਿਤੀਸ਼ ਨੇ ਮੀਟਿੰਗ ਦੀ ਤਰੀਕ ਬਾਰੇ ਸਾਰੇ ਆਪੋਜ਼ੀਸ਼ਨ ਆਗੂਆਂ ਨਾਲ ਪੂਰਾ ਸਲਾਹ-ਮਸ਼ਵਰਾ ਨਹੀਂ ਕੀਤਾ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਤੇ ਡੀ ਐੱਮ ਕੇ ਦੇ ਕਹਿਣ ’ਤੇ ਪਟਨਾ ਮੀਟਿੰਗ ਮੁਲਤਵੀ ਕੀਤੀ ਗਈ ਹੈ। ਨਿਤੀਸ਼ ਨੇ ਕਿਹਾ ਹੈ ਕਿ ਉਹ ਚਾਹੁੰਦੇ ਸਨ ਕਿ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਹਿੱਸਾ ਲੈਣ, ਪਰ ਕੁਝ ਪਾਰਟੀਆਂ ਦੇ ਪ੍ਰਧਾਨ ਉਸ ਦਿਨ ਹੋਰ ਕਿਤੇ ਬਿਜ਼ੀ ਹਨ, ਇਸ ਕਰਕੇ ਮੀਟਿੰਗ 22 ਜੂਨ ਤੋਂ ਬਾਅਦ ਕੀਤੀ ਜਾਵੇਗੀ। ਰਾਹੁਲ ਗਾਂਧੀ ਇਸ ਵੇਲੇ ਅਮਰੀਕਾ ਵਿਚ ਹਨ ਅਤੇ ਖੜਗੇ ਤੇ ਡੀ ਐੱਮ ਕੇ ਦੇ ਮੁਖੀ ਐੱਮ ਕੇ ਸਟਾਲਿਨ ਨੇ ਕਿਹਾ ਕਿ ਉਹ 12 ਜੂਨ ਨੂੰ ਕਿਤੇ ਹੋਰ ਥਾਂ ਬਿਜ਼ੀ ਰਹਿਣਗੇ।
ਨਿਤੀਸ਼ ਨੇ ਆਪੋਜ਼ੀਸ਼ਨ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਕਾਂਗਰਸ ਦੇ ਖੜਗੇ ਤੇ ਰਾਹੁਲ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਐੱਨ ਸੀ ਪੀ ਦੇ ਸ਼ਰਦ ਪਵਾਰ, ਟੀ ਐੱਮ ਸੀ ਦੀ ਮਮਤਾ ਬੈਨਰਜੀ ਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ। ਨਿਤੀਸ਼ ਕੁਮਾਰ ਕੁਰਮੀ (ਓ ਬੀ ਸੀ) ਹਨ, ਜਦਕਿ ਖੜਗੇ ਦਲਿਤ ਹਨ, ਹਾਲਾਂਕਿ ਖੜਗੇ ਦਲਿਤ ਆਗੂ ਵਾਂਗ ਨਹੀਂ ਵਿਚਰਦੇ। ਖੜਗੇ ਕਾਂਗਰਸ ਦੇ ਉਦੋਂ ਪ੍ਰਧਾਨ ਬਣੇ, ਜਦੋਂ ਭਾਜਪਾ ਦਲਿਤਾਂ ਨੂੰ ਆਪਣੇ ਮਗਰ ਲਾਉਣ ਲਈ ਜ਼ੋਰ ਲਾ ਰਹੀ ਸੀ। ਅਬਜ਼ਰਵਰਾਂ ਦਾ ਕਹਿਣਾ ਹੈ ਕਿ ਭਵਿੱਖ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਖੜਗੇ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਉਣ ਦਾ ਇਸ਼ਾਰਾ ਹੀ ਕਾਂਗਰਸ ਨੂੰ ਕਾਫੀ ਫਾਇਦਾ ਪਹੁੰਚਾ ਸਕਦਾ ਹੈ।
ਖੜਗੇ ਕਰਨਾਟਕ ਅਸੰਬਲੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਤੋਂ ਬਾਅਦ ਸ਼ਕਤੀਸ਼ਾਲੀ ਹੋ ਕੇ ਉਭਰੇ ਹਨ। 80 ਸਾਲਾ ਖੜਗੇ ਪਹਿਲੇ ਗੈਰ-ਗਾਂਧੀ ਹਨ, ਜਿਹੜੇ ਕਈ ਦਹਾਕਿਆਂ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਬਣੇ ਹਨ। ਉਹ ਦਮੋਦਰਨ ਸੰਜੀਵਯਾ ਤੇ ਜਗਜੀਵਨ ਰਾਮ ਤੋਂ ਬਾਅਦ ਕਾਂਗਰਸ ਦੇ ਤੀਜੇ ਦਲਿਤ ਪ੍ਰਧਾਨ ਹਨ। ਕਾਂਗਰਸ ਕਰਨਾਟਕ ਤੋਂ ਬਾਅਦ ਹਿੰਦੀ ਭਾਸ਼ੀ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵੱਲ ਦੇਖ ਰਹੀ ਹੈ, ਜਿੱਥੇ ਇਸ ਸਾਲ ਦੇ ਅੰਤ ਵਿਚ ਚੋਣਾਂ ਹੋਣੀਆਂ ਹਨ। ਇਨ੍ਹਾਂ ਰਾਜਾਂ ਦੇ ਨਤੀਜੇ ਦਿਖਾਉਣਗੇ ਕਿ ਖੜਗੇ ਪਾਰਟੀ ਲਈ ਕਿੰਨੇ ਕਾਰਗਰ ਹਨ। ਕਰਨਾਟਕ ਵਿਚ ਮੁੱਖ ਮੰਤਰੀ ਦੇ ਅਹੁਦੇ ਦੇ ਕਈ ਦਾਅਵੇਦਾਰ ਸਨ, ਪਰ ਖੜਗੇ ਨੇ ਸਥਿਤੀ ਵਧੀਆ ਢੰਗ ਨਾਲ ਸੰਭਾਲੀ। ਤਿੰਨ ਹਿੰਦੀ ਭਾਸ਼ੀ ਰਾਜਾਂ ਵਿਚ ਕਾਂਗਰਸ ਵਧੀਆ ਪ੍ਰਦਰਸ਼ਨ ਕਰ ਗਈ ਤਾਂ ਖੜਗੇ ਦੇ ਇਕ ਹੋਰ ਕਲਗੀ ਲੱਗ ਜਾਵੇਗੀ।
ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ 2022 ਵਿਚ ’ਚ ਬਰਤਾਨੀਆ ਦਾ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੌਰਾਨ ਭਾਜਪਾ ਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਦਰਮਿਆਨ ਬਸਪਾ ਪ੍ਰਧਾਨ ਮਾਇਆਵਤੀ ਨੇ ਦੋਹਾਂ ਪਾਰਟੀਆਂ ’ਤੇ ਸਵਾਲ ਚੁੱਕਿਆ ਸੀ ਕਿ ਭਾਰਤ ਵਿਚ ਦਲਿਤ ਪ੍ਰਧਾਨ ਮੰਤਰੀ ਕਿਉ ਨਹੀਂ ਬਣਿਆ। ਦਲਿਤ ਆਗੂ ਇਹ ਸਵਾਲ ਹਮੇਸ਼ਾ ਚੁੱਕਦੇ ਆਏ ਹਨ।

Related Articles

LEAVE A REPLY

Please enter your comment!
Please enter your name here

Latest Articles