ਭਾਜਪਾ ਨਾਲ ਜੁੜੇ ਅੰਧਭਗਤ ਨਫ਼ਰਤ ਵਿੱਚ ਏਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਨ੍ਹਾਂ ਵਿੱਚ ਮਨੁੱਖਤਾ ਦਾ ਭੋਰਾ-ਭਰ ਵੀ ਅੰਸ਼ ਨਹੀਂ ਬਚਿਆ। ਉਹ ਹਰ ਘੜੀ ਏਸੇ ਤਾਕ ਵਿੱਚ ਰਹਿੰਦੇ ਹਨ ਕਿ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਿਹੜਾ ਸ਼ੋਸ਼ਾ ਛੱਡਿਆ ਜਾਵੇ। ਓਡੀਸ਼ਾ ਦੇ ਬਾਲਾਸੌਰ ਵਿੱਚ ਹੋਈ ਰੇਲ ਦੁਰਘਟਨਾ ਪੌਣੇ ਤਿੰਨ ਸੌ ਬੇਗੁਨਾਹਾਂ ਨੂੰ ਨਿਗਲ ਗਈ ਸੀ। ਸਾਰਾ ਦੇਸ਼ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਸੀ, ਪਰ ਭਾਜਪਾਈ ਅੰਧਭਗਤ ਇਸ ਪਿੱਛੇ ਮੁਸਲਿਮ ਐਂਗਲ ਸਿਰਜ ਰਹੇ ਸਨ।
ਭਾਜਪਾ ਦੇ ਕਮਲ ਫੁੱਲ ਦੀ ਆਈ ਡੀ ਵਾਲੇ ਵਿਰੇਂਦਰ ਤਿਵਾੜੀ ਨੇ ਹਾਦਸੇ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਹਾਦਸਾਗ੍ਰਸਤ ਰੇਲ ਗੱਡੀਆਂ ਤੋਂ ਦੂਰ ਇੱਕ ਸਫੈਦ ਬਿਲਡਿੰਗ ਦਿਸ ਰਹੀ ਹੈ। ਉਸ ਨੇ ਸਫੈਦ ਬਿਲਡਿੰਗ ਨੂੰ ਚਿੰਨ੍ਹਤ ਕਰਕੇ ਹੇਠਾਂ ਲਿਖਿਆ ਸੀ, ‘‘ਸ਼ੁੱਕਰਵਾਰ ਦਾ ਦਿਨ ਹੈ, ਗੁਆਂਢ ਵਿੱਚ ਮਸਜਿਦ ਹੈ। ਜੇਹਾਦ ਕਰਨ ਲਈ ਹੀ ਰੇਲਵੇ ਟਰੈਕ ਨਾਲ ਮੁਸਲਿਮ ਕਲੋਨੀ ਤੇ ਮਸਜਿਦ ਉਗਾਈ ਗਈ ਹੈ।’’
ਸੱਚ ਇਹ ਹੈ ਕਿ ਵਾਇਰਲ ਫੋਟੋ ਵਿੱਚ ਦਿਸ ਰਹੀ ਬਿਲਡਿੰਗ ਮਸਜਿਦ ਨਹੀਂ, ਸਗੋਂ ਇੱਕ ਇਸਕਾਨ ਮੰਦਰ ਦੀ ਹੈ। ਇਸ ਸੰਬੰਧੀ ਓਡੀਸ਼ਾ ਪੁਲਸ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਅਜਿਹੀ ਨਫ਼ਰਤੀ ਮੁਹਿੰਮ ਨੂੰ ਤੁਰੰਤ ਬੰਦ ਕੀਤਾ ਜਾਵੇ, ਪਰ ਜਦੋਂ ‘ਸਈਆਂ ਭਏ ਕੋਤਵਾਲ ਫਿਰ ਡਰ ਕਾਹੇ ਕਾ।’ ਹਕੀਕਤ ਇਹ ਹੈ ਕਿ ਅਜਿਹੀ ਨਫ਼ਰਤੀ ਮੁਹਿੰਮ ਚਲਾਈ ਹੀ ਫਾਸ਼ੀ ਹਾਕਮਾਂ ਦੇ ਇਸ਼ਾਰੇ ਉੱਤੇ ਜਾਂਦੀ ਹੈ।
ਹੁਣ ਇੱਕ ਹੋਰ ਅਫ਼ਵਾਹ ਫੈਲਾਈ ਜਾ ਰਹੀ ਹੈ। ਵਿਜੈ ਕੁਮਾਰ ਨਾਂਅ ਦੇ ਇਸ ਅੰਧਭਗਤ ਨੇ ਮਸਜਿਦ ਵਾਲੀ ਕਹਾਣੀ ਨੂੰ ਅੱਗੇ ਵਧਾਉਂਦਿਆਂ ਲਿਖਿਆ ਹੈ, ‘‘ਸਟੇਸ਼ਨ ਮਾਸਟਰ ਸ਼ਰੀਫ਼ ਮੀਆਂ ਐਕਸੀਡੈਂਟ ਤੋਂ ਬਾਅਦ ਗਾਇਬ ਹਨ। ਰੋਹਿੰਗਾ ਬੰਗਲਾਦੇਸ਼ੀ ਤੇ ਆਈ ਐੱਸ ਆਈ ਦਾ ਐਂਗਲ ਸਾਹਮਣੇ ਆ ਰਿਹਾ ਹੈ। ਜਿੱਥੇ ਐਕਸੀਡੈਂਟ ਹੋਇਆ, ਉੱਥੇ ਇੱਕ ਮਸਜਿਦ ਹੈ। ਯੁੱਧ ਸ਼ੁਰੂ ਹੋ ਚੁੱਕਾ ਹੈ, ਪ੍ਰੰਤੂ ਤੁਸੀਂ ਉਦੋਂ ਜਾਗੋਗੇ, ਜਦੋਂ ਤੁਹਾਡਾ ਘਰ ਵੀ ਅੱਗ ਦੀ ਲਪੇਟ ਵਿੱਚ ਆ ਜਾਵੇਗਾ।’’ ਰੇਲਵੇ ਦੀ ਵੈਬਸਾਈਟ ਵਿੱਚ ਸਟੇਸ਼ਨ ਮਾਸਟਰਾਂ ਦੀ ਸੂਚੀ ਅਨੁਸਾਰ ਬਾਲਾਸੌਰ ਦੇ ਸਟੇਸ਼ਨ ਮਾਸਟਰ ਦਾ ਨਾਂਅ ਸ਼ਰੀਫ਼ ਮੀਆਂ ਨਹੀਂ, ਨਿਭਾਸ਼ ਸਿੰਘ ਹੈ। ਅਸਲ ਵਿੱਚ ਦੁਰਘਟਨਾ ਬਹਿਨਾਗਾ ਸਟੇਸ਼ਨ ਨੇੜੇ ਹੋਈ ਹੈ, ਇਸ ਲਈ ਉਥੋਂ ਦੇ ਸਟੇਸ਼ਨ ਮਾਸਟਰ ਬਾਰੇ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਸ ਦਾ ਨਾਂਅ ਐੱਸ ਬੀ ਮੋਹੰਤੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਤੇ ਗਏ ਛੋਟੇ ਜਿਹੇ ਬਿਆਨ ਤੋਂ ਹਾਕਮਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਨ੍ਹਾਂ ਦੇ ਸ਼ਬਦ ਫਿਰਕੂ ਭੜਕਾਹਟ ਪੈਦਾ ਕਰਨ ਵਾਲੇ ਹਨ ਤੇ ਝੱਟ ਕੇਸ ਬਣਾ ਦਿੱਤਾ ਜਾਂਦਾ ਹੈ। ਭਾਜਪਾ ਦੀਆਂ ਆਪਣੀਆਂ ਫੌਜਾਂ ਭਾਵੇਂ ਅੱਗ ਲਾਉਂਦੀਆਂ ਫਿਰਨ ਉਨ੍ਹਾ ਨੂੰ ਸਭ ਮਾਫ਼ ਹੈ। ਅਸਲ ਵਿੱਚ ਭਾਜਪਾ ਲਈ ਹਰ ਮੁਸੀਬਤ ਵੀ ਮੌਕਾ ਹੁੰਦੀ ਹੈ। ਉਹ ਇਸ ਮੌਕੇ ਨੂੰ ਵੋਟਾਂ ਵਿੱਚ ਬਦਲਣ ਲਈ ਹਰ ਕੋਸ਼ਿਸ਼ ਕਰਦੀ ਹੈ। ਕੋਵਿਡ ਕਾਲ ਦੌਰਾਨ ਤਬਲੀਗੀ ਜਮਾਤ ਨੂੰ ਹੀ ਮਹਾਂਮਾਰੀ ਫੈਲਾਉਣ ਦਾ ਮੁੱਖ ਦੋਸ਼ੀ ਬਣਾ ਦਿੱਤਾ ਸੀ। ਇਹ ਤਾਂ ਜਨਤਾ ਨੂੰ ਸਮਝਣਾ ਪਵੇਗਾ ਕਿ ਉਹ ਇਨ੍ਹਾਂ ਨਫ਼ਰਤੀਆਂ ਦੇ ਝਾਂਸੇ ਵਿੱਚ ਨਾ ਆਵੇ।