ਕਰਨਾਟਕ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਕੂਲਾਂ ਅੰਦਰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਦੀ ਸਹੁੰ ਚੁਕਾਈ ਜਾਇਆ ਕਰੇਗੀ। ਇਸ ਪ੍ਰਸਤਾਵਨਾ ਵਿੱਚ ਦਰਜ ਅਜ਼ਾਦੀ, ਬਰਾਬਰਤਾ, ਨਿਆਂ, ਭਾਈਚਾਰਾ, ਵਿਅਕਤੀ ਦਾ ਮਾਣ-ਸਨਮਾਨ ਵਰਗੀਆਂ ਸੰਵਿਧਾਨਕ ਕਦਰਾਂ ਸਾਡੇ ਜੀਵਨ ਦਾ ਅਧਾਰ ਹਨ। ਇਹ ਚੰਗੀ ਪਹਿਲ ਹੈ, ਪਰ ਬੀਤੇ 75 ਸਾਲਾਂ ਦੌਰਾਨ ਅਸੀਂ ਇਨ੍ਹਾਂ ਸੰਵਿਧਾਨਕ ਕਦਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁ ਢਾਲਿਆ, ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਹਾਲੀਆ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗੇ। ਦੋਵੇਂ ਘਟਨਾਵਾਂ ਭਾਜਪਾ ਸ਼ਾਸਤ ਰਾਜਾਂ ਦੀਆਂ ਹਨ।
ਪਹਿਲੀ ਘਟਨਾ ਮੱਧ ਪ੍ਰਦੇਸ਼ ਦੇ ਛਤਰਪੁਰ ਦੀ ਹੈ, ਜਿੱਥੇ ਇੱਕ ਦਲਿਤ ਲਾੜੇ ਦੇ ਘੋੜੀ ਚੜ੍ਹਨ ਉੱਤੇ ਫਸਾਦ ਹੋ ਗਿਆ। ਲਾੜੇ ਦੀ ਬਰਾਤ ਤੁਰਨ ਤੋਂ ਪਹਿਲਾਂ ਉਸ ਨੂੰ ਘੋੜੀ ਉੱਤੇ ਬਿਠਾ ਕੇ ਪਿੰਡ ਦੀ ਫੇਰੀ ਲਾਉਣ ਦੀ ਰਸਮ ਹੋ ਰਹੀ ਸੀ। ਲਾੜੇ ਨੂੰ ਘੋੜੀ ਉੱਤੇ ਚੜ੍ਹਿਆ ਦੇਖ ਕੇ ਉੱਚ ਜਾਤੀ ਦੇ ਜ਼ੋਰਾਵਰਾਂ ਨੇ ਬਰਾਤ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਨਾਲ ਕਈ ਬਰਾਤੀ ਤੇ ਤਿੰਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਹੋਰ ਪੁਲਸ ਮੰਗਵਾ ਕੇ ਰਸਮ ਪੂਰੀ ਕੀਤੀ ਗਈ ਅਤੇ ਵਿਆਹ ਦੀਆਂ ਬਾਕੀ ਰਸਮਾਂ ਵੀ ਪੁਲਸ ਸੁਰੱਖਿਆ ਹੇਠ ਕੀਤੀਆਂ ਗਈਆਂ।
ਦੂਜੀ ਘਟਨਾ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਕੋਸੀ ਪਿੰਡ ਦੀ ਹੈ। ਇੱਥੇ ਉੱਚ ਜਾਤੀ ਦੇ ਬੱਚੇ ਸਕੂਲ ਵਿੱਚ �ਿਕਟ ਖੇਡ ਰਹੇ ਸਨ। ਪਿੰਡ ਦੇ ਬਾਕੀ ਬੱਚੇ ਇਸ �ਿਕਟ ਮੈਚ ਨੂੰ ਦੇਖ ਰਹੇ ਸਨ, ਜਿਨ੍ਹਾਂ ਵਿੱਚ ਦਲਿਤ ਬੱਚੇ ਵੀ ਸਨ। �ਿਕਟ ਗੇਂਦ ਜਦੋਂ ਇਨ੍ਹਾਂ ਬੱਚਿਆਂ ਕੋਲ ਆਈ ਤਾਂ ਇੱਕ ਦਲਿਤ ਬੱਚੇ ਨੇ ਗੇਂਦ ਚੁੱਕ ਲਈ। ਇਸ ਉੱਤੇ ਉੱਚ ਜਾਤੀ ਦੇ ਮੁੰਡੇ ਭੜਕ ਉੱਠੇ ਤੇ ਦਲਿਤਾਂ ਨੂੰ ਜਾਤੀਸੂਚਕ ਗਾਹਲਾਂ ਕੱਢੀਆਂ। ਕੁਝ ਸਮੇਂ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ, ਪਰ ਸ਼ਾਮ ਨੂੰ 7-8 ਮੁੰਡਿਆਂ ਦੇ ਇੱਕ ਗਰੁੱਪ ਨੇ ਦਲਿਤ ਬੱਚੇ ਦੇ ਘਰ ਉੱਤੇ ਹਮਲਾ ਕਰ ਦਿੱਤਾ। ਉਹ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਆਉਂਦਿਆਂ ਹੀ ਬੱਚੇ ਦੇ ਚਾਚੇ ਤੇ ਭਰਾ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਕੇ ਬੱਚੇ ਦੇ ਚਾਚੇ ਦਾ ਅੰਗੂਠਾ ਵੱਢ ਦਿੱਤਾ। ਦੋਹਾਂ ਹੀ ਘਟਨਾਵਾਂ ਵਿੱਚ ਕੇਸ ਦਰਜ ਹੋਏ ਪਰ ਗਿ੍ਰਫ਼ਤਾਰੀ ਕੋਈ ਨਹੀਂ ਹੋਈ।
ਮੱਧ ਪ੍ਰਦੇਸ਼ ਵਿੱਚ ਤਾਂ ਐੱਸ ਸੀ/ਐੱਸ ਟੀ ਲਈ ਜੀਣਾ ਵੀ ਮੁਹਾਲ ਹੋ ਚੁੱਕਾ ਹੈ। ਲਾੜੇ ਦੇ ਘੋੜੀ ਚੜ੍ਹਨ ਦੀ ਗੱਲ ਤਾਂ ਇੱਕ ਪਾਸੇ, ਚੰਗੇ ਕੱਪੜੇ ਪਾ ਲੈਣ, ਮੁੱਛਾਂ ਰੱਖ ਲੈਣ, ਉੱਚੀ ਜਾਤ ਵਾਲਿਆਂ ਨੂੰ ਰਾਮ ਰਾਮ ਨਾ ਕਹਿਣ ਤੇ ਉਨ੍ਹਾਂ ਸਾਹਮਣੇ ਨੀਵੀਂ ਥਾਂ ਨਾ ਬਹਿਣ ਉੱਤੇ ਕੁੱਟਮਾਰ ਸਹਿਣੀ ਆਮ ਗੱਲ ਹੈ। ਪੇਂਡੂ ਸਮਾਜ ਵਿੱਚ ਗੈਰ-ਬਰਾਬਰੀ ਏਨੀ ਹਾਵੀ ਹੈ ਕਿ ਨਾਈਆਂ ਨੂੰ ਦਲਿਤ ਵਿਅਕਤੀਆਂ ਦੇ ਵਾਲ ਕੱਟਣ ਤੱਕ ਦੀ ਮਨਾਹੀ ਹੈ। ਅਨੁੁਸੂਚਿਤ ਜਾਤ ਦੇ ਵਿਅਕਤੀ ਦੇ ਵਾਲ ਕੱਟਣ ਉੱਤੇ ਨਾਈਆਂ ਦਾ ਸਮਾਜਕ ਬਾਈਕਾਟ ਕਰ ਦਿੱਤਾ ਜਾਂਦਾ ਹੈ।
ਇਨ੍ਹਾਂ ਲੋਕਾਂ ਲਈ ਰੋਜ਼ਗਾਰ ਦੇ ਵੀ ਸੀਮਤ ਮੌਕੇ ਦਿੱਤੇ ਜਾਂਦੇ ਹਨ, ਜਿਹੜੇ ਉੱਚ ਜਾਤਾਂ ਦੀ ਸੇਵਾ ਵਾਲੇ ਹੁੰਦੇ ਹਨ। ਅਨੁਸੂਚਿਤ ਜਾਤ ਦਾ ਕੋਈ ਵਿਅਕਤੀ ਆਪਣੀ ਦੁਕਾਨ ਨਹੀਂ ਖੋਲ੍ਹ ਸਕਦਾ। ਇਹ ਸਿਰਫ਼ ਮੱਧ ਪ੍ਰਦੇਸ਼ ਹੀ ਨਹੀਂ, ਗੁਜਰਾਤ ਤੇ ਮਹਾਰਾਸ਼ਟਰ ਦੇ ਹਾਲਾਤ ਵੀ ਇਸ ਤੋਂ ਵੱਖਰੇ ਨਹੀਂ। ਉੱਤਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਹਾਲਤ ਹੋਰ ਵੀ ਖ਼ਰਾਬ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਇੱਕ ਵੀ ਢਾਬਾ, ਚਾਹ ਦੀ ਦੁਕਾਨ ਜਾਂ ਖਾਣ-ਪੀਣ ਦੀ ਰੇਹੜੀ ਜਾਟਵ ਵਿਅਕਤੀ ਦੀ ਨਹੀਂ ਹੈ।
ਇੱਕ ਪਾਸੇ ਸਾਡੇ ਸੰਵਿਧਾਨ ਦੇ ਅਜ਼ਾਦੀ, ਬਰਾਬਰਤਾ, ਭਾਈਚਾਰੇ ਤੇ ਨਿਆਂ ਵਰਗੇ ਵੱਖ-ਵੱਖ ਸੰਵਿਧਾਨਕ ਮੁੱਲ ਹਨ, ਜਿਹੜੇ ਸਾਨੂੰ ਵਧੀਆ ਨਾਗਰਿਕ ਬਣਾ ਕੇ ਸਮਾਜ ਨੂੰ ਅੱਗੇ ਵਧਾਉਣ ਦੀ ਪ੍ਰੇਰਨਾ ਦਿੰਦੇ ਹਨ, ਤੇ ਦੂਜੇ ਪਾਸੇ ਮਨੂੰਵਾਦੀ ਵਿਚਾਰਧਾਰਾ ਦੇ ਪੈਦਾ ਕੀਤੇ ਉਹ ਨਿਯਮ ਹਨ, ਜਿਹੜੇ ਮਨੁੱਖ ਨੂੰ ਮਨੁੱਖ ਵੀ ਨਹੀਂ ਸਮਝਦੇ। ਜਿੰਨਾ ਚਿਰ ਅਸੀਂ ਇਨ੍ਹਾਂ ਮਨੂੰਵਾਦੀ ਨਿਯਮਾਂ, ਜਾਤਪਾਤ, ਛੂਆਛਾਤ, ਸਮਾਜਕ ਭੇਦਭਾਵ, ਘਟੀਆ ਮਾਨਤਾਵਾਂ ਤੇ ਰੀਤੀ-ਰਿਵਾਜਾਂ ਨੂੰ ਦਫ਼ਨ ਨਹੀਂ ਕਰ ਦਿੰਦੇ, ਓਨਾ ਚਿਰ ਅਸੀਂ ਸੱਭਿਆ ਸਮਾਜ ਨਹੀਂ ਉਸਾਰ ਸਕਦੇ।
-ਚੰਦ ਫਤਿਹਪੁਰੀ



