ਜਨਗਣਨਾ ਤੇ ਹਲਕਾਬੰਦੀ ਨਾਲ ਨੱਥੀ ਕਰਕੇ ਪੇਸ਼ ਕੀਤੇ ਗਏ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਲੋਕ ਸਭਾ ਵਿੱਚ ਫੇਲ੍ਹ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ 12 ਸਾਲ ਪਹਿਲਾਂ ਹੋਂਦ ਵਿੱਚ ਆਈ ਮੋਦੀ ਸਰਕਾਰ ਪਹਿਲੀ ਵਾਰ ਸੰਸਦ ਤੋਂ ਕੋਈ ਬਿੱਲ ਪਾਸ ਕਰਾਉਣ ‘ਚ ਨਾਕਾਮ ਰਹੀ ਹੈ। ਇਹ ਗੱਲ ਸੱਚ ਹੈ, ਪਰ ਇੱਕ ਸੱਚਾਈ ਇਹ ਵੀ ਹੈ ਕਿ ਮੋਦੀ ਸਰਕਾਰ ਦੀ ਪ੍ਰਮੁੱਖ ਪਛਾਣ ਹੀ ਇੱਕ ਨਾਕਾਮ ਤੇ ਨਾਅਹਿਲ ਸਰਕਾਰ ਦੀ ਹੈ। ਭਾਰਤ ਦੀਆਂ ਸੰਸਥਾਵਾਂ ‘ਤੇ ਲਗਾਤਾਰ ਕੰਟਰੋਲ ਬਣਾ ਕੇ, ਮੀਡੀਆ ‘ਤੇ ਇਕਪਾਸੜ ਬਿਰਤਾਂਤ ਚਲਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਕਸ ਨੂੰ ਵੱਡਾ ਬਣਾ ਕੇ ਦਿਖਾਇਆ ਹੈ, ਪਰ ਅੰਕੜੇ ਦੱਸਦੇ ਹਨ ਕਿ ਜਿਸ ਵੀ ਰਾਜ ‘ਚ ਭਾਜਪਾ ਦੀ ਸਰਕਾਰ ਹੈ, ਉੱਥੇ ਗਰੀਬਾਂ, ਮਹਿਲਾਵਾਂ ਤੇ ਘੱਟ-ਗਿਣਤੀਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮਹਿਲਾ ਸੁਰੱਖਿਆ ਦਾ ਮਸੀਹਾ ਬਣਨ ਦਾ ਮੋਦੀ ਸਿਰਫ ਢੌਂਗ ਹੀ ਕਰ ਰਹੇ ਹਨ। ਮੋਦੀ ਨੇ ਦੇਸ਼ ਨੂੰ ਇਹ ਦੱਸਿਆ ਸੀ ਕਿ ਭਾਰਤ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ, ਪਰ ਅਪ੍ਰੈਲ 2026 ਵਿੱਚ ਆਈ ਕੌਮਾਂਤਰੀ ਮਾਲੀ ਫੰਡ (ਆਈ ਐੱਮ ਐੱਫ) ਦੀ ਰਿਪੋਰਟ ‘ਵਰਲਡ ਇਕਨਾਮਿਕ ਆਊਟਲੁੱਕ’ ਨੇ ਜਦ ਕਿਹਾ ਕਿ ਭਾਰਤ ਨਾ ਤਾਂ ਹੁਣ ਚੌਥੀ ਵੱਡੀ ਅਰਥ ਵਿਵਸਥਾ ਰਿਹਾ ਤੇ ਨਾ ਹੀ ਪੰਜਵੀਂ, ਸਗੋਂ ਛੇਵੇਂ ਨੰਬਰ ‘ਤੇ ਖਿਸਕ ਗਿਆ ਹੈ ਤਾਂ ਮੋਦੀ ਇਹ ਦੱਸਣ ਲਈ ਦੂਰਦਰਸ਼ਨ ‘ਤੇ ਕੌਮ ਨੂੰ ਸੰਬੋਧਨ ਕਰਨ ਨਹੀਂ ਆਏ ਕਿ ਭਾਰਤ ਅੱਗੇ ਵਧਣ ਦੀ ਥਾਂ ਪਿੱਛੇ ਕਿਉਂ ਖਿਸਕ ਗਿਆ? ਭਾਰਤ ਦਾ ਗੁਆਂਢੀ ਪਾਕਿਸਤਾਨ, ਜਿਹੜਾ ਦਹਿਸ਼ਤਗਰਦ ਦੇਸ਼ ਮੰਨਿਆ ਜਾਂਦਾ ਹੈ, ਪੂਰੀ ਦੁਨੀਆ ਵਿੱਚ ਸਭ ਤੋਂ ਵੱਡਾ ਸਾਲਸ ਬਣ ਕੇ ਕਿਵੇਂ ਉੱਭਰ ਗਿਆ? ਭਾਰਤ ਦਾ ਲੋਕਤੰਤਰੀ ਅਕਸ ਕਿੱਥੇ ਗਿਆ? ਕਿੱਥੇ ਗਿਆ ਉਹ (ਨਹਿਰੂ ਦੇ ਜ਼ਮਾਨੇ ਦਾ) ਅਕਸ, ਜਿਹੜਾ ਦੁਨੀਆ-ਭਰ ਵਿੱਚ ਜੰਗ ਰੁਕਵਾਉਂਦਾ ਸੀ (ਕੋਰੀਆ ਜੰਗ), ਅਮਨ ਕਾਇਮ ਕਰਵਾਉਂਦਾ ਸੀ (ਸੁਏਜ਼ ਨਹਿਰ ਸੰਕਟ)। ਉਦੋਂ ਭਾਰਤ ਆਰਥਿਕ ਸ਼ਕਤੀ ਨਹੀਂ ਸੀ, ਅੱਜ ਸਭ ਕੁਝ ਹੋਣ ਦੇ ਬਾਵਜੂਦ ਭਾਰਤ ਏਨਾ ਕਮਜ਼ੋਰ ਕਿਉਂ ਪੈਂਦਾ ਦਿਸ ਰਿਹਾ ਹੈ?
ਪੱਛਮੀ ਬੰਗਾਲ ਤੇ ਤਾਮਿਲਨਾਡੂ ਚੋਣਾਂ ਵਿੱਚ ਬੀਬੀਆਂ ਦੀਆਂ ਵੋਟਾਂ ਬਟੋਰਨ ਦੇ ਫੌਰੀ ਉਪਰਾਲੇ ਵਜੋਂ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦ ਕੇ ਪੇਸ਼ ਕੀਤੇ ਗਏ ਰਿਜ਼ਰਵੇਸ਼ਨ ਬਿੱਲ ਦੀ ਨਾਕਾਮੀ ਤੋਂ ਬਾਅਦ ਮੋਦੀ ਨੇ ਸਨਿੱਚਰਵਾਰ ਦੂਰਦਰਸ਼ਨ ‘ਤੇ ਕੌਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਪੂਰੀ ਇਮਾਨਦਾਰੀ ਦਿਖਾਈ, ਪਰ ਆਪੋਜ਼ੀਸ਼ਨ ਨੇ ਬਿੱਲ ਪਾਸ ਨਾ ਕਰਕੇ ਪਾਪ ਕੀਤਾ। ਮਹਿਲਾਵਾਂ ਪ੍ਰਤੀ ਭਾਜਪਾ ਦੀ ਇਮਾਨਦਾਰੀ ਦਾ ਪਤਾ ਇਸ ਤੋਂ ਹੀ ਲੱਗ ਜਾਂਦਾ ਹੈ ਕਿ ਉਸ ਨੇ ਅਜੇ ਤੱਕ ਕਿਸੇ ਵੀ ਮਹਿਲਾ ਨੂੰ ਏਨਾ ਕਾਬਲ ਨਹੀਂ ਸਮਝਿਆ ਕਿ ਪਾਰਟੀ ਪ੍ਰਧਾਨ ਬਣਾ ਦਿੱਤਾ ਜਾਵੇ। ਕਾਂਗਰਸ ਨੇ 1917 ਵਿੱਚ ਹੀ ਐਨੀ ਬੇਸੇਂਟ ਨੂੰ ਕੌਮੀ ਪ੍ਰਧਾਨ ਬਣਾ ਦਿੱਤਾ ਸੀ ਤੇ ਉਸ ਦੀਆਂ ਪੰਜ ਮਹਿਲਾਵਾਂ ਕੌਮੀ ਪ੍ਰਧਾਨ ਰਹਿ ਚੁੱਕੀਆਂ ਹਨ। ਮੋਦੀ ਦੀ ਮੰਤਰੀ ਪ੍ਰੀਸ਼ਦ 72 ਮੈਂਬਰਾਂ ਦੀ ਹੈ, ਪਰ ਇਨ੍ਹਾਂ ਵਿੱਚ ਮਹਿਲਾਵਾਂ ਸਿਰਫ 7 ਹਨ ਅਤੇ ਉਨ੍ਹਾਂ ਵਿੱਚੋਂ ਵੀ ਕੈਬਨਿਟ ਮੰਤਰੀ 2 ਹਨ ਤੇ ਬਾਕੀ ਰਾਜ ਮੰਤਰੀ ਹਨ। ਭਾਜਪਾ ਦੀ 21 ਰਾਜਾਂ ਵਿੱਚ ਆਪਣੀ ਜਾਂ ਸਹਿਯੋਗੀ ਦਲਾਂ ਦੀ ਸਰਕਾਰ ਹੈ, ਪਰ ਦਿੱਲੀ ਵਰਗੇ ਨੀਮ-ਰਾਜ ਨੂੰ ਛੱਡ ਕੇ ਇਸ ਨੇ ਕਿਤੇ ਵੀ ਮਹਿਲਾ ਨੂੰ ਮੁੱਖ ਮੰਤਰੀ ਨਹੀਂ ਬਣਾਇਆ ।
ਅਜਿਹੀ ਪਾਰਟੀ ਕਿਵੇਂ ਦਾਅਵਾ ਕਰ ਸਕਦੀ ਹੈ ਕਿ ਉਸ ਨੂੰ ਮਹਿਲਾਵਾਂ ਦੀ ਚਿੰਤਾ ਹੈ ਤੇ ਉਹ ਮਹਿਲਾਵਾਂ ਨੂੰ ਤਾਕਤਵਰ ਬਣਾ ਰਹੀ ਹੈ? ਗੱਲ ਮਹਿਲਾਵਾਂ ਨੂੰ ਉੱਚ ਅਹੁਦਿਆਂ ‘ਤੇ ਬਿਠਾਉਣ ਤੱਕ ਹੀ ਸੀਮਤ ਨਹੀਂ, ਭਾਜਪਾ ਅਜਿਹੀ ਪਾਰਟੀ ਹੈ, ਜਿਹੜੀ ਬਲਾਤਕਾਰੀਆਂ ਨੂੰ ਹਾਰ ਪਾਉਂਦੀ ਹੈ ਤੇ ਰਾਮ-ਰਹੀਮ ਵਰਗੇ ਬਲਾਤਕਾਰੀਆਂ ਨੂੰ ਵਾਰ-ਵਾਰ ਪੈਰੋਲ ‘ਤੇ ਜੇਲ੍ਹੋਂ ਬਾਹਰ ਕਢਵਾਉਂਦੀ ਹੈ। ਕੋਈ ਭੁੱਲ ਨਹੀਂ ਸਕਦਾ ਤੇ ਕਿਸੇ ਨੂੰ ਭੁੱਲਣਾ ਵੀ ਨਹੀਂ ਚਾਹੀਦਾ ਕਿ ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ’50 ਕਰੋੜ ਦੀ ਗਰਲਫਰੈਂਡ’ ਅਤੇ ‘ਕਾਂਗਰਸ ਦੀ ਵਿਧਵਾ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਤਰ੍ਹਾਂ ਦੀ ਭਾਸ਼ਾ ਵਰਤਣ ਵਾਲੇ ਕਿਹੜੀ ਇਖਲਾਕੀ ਤਾਕਤ ਨਾਲ ਦੂਜਿਆਂ ਨੂੰ ਮਹਿਲਾ ਵਿਰੋਧੀ ਸਾਬਤ ਕਰ ਰਹੇ ਹਨ? ਸਿਰਫ ਚੋਣਾਂ ਜਿੱਤਣਾ ਤੇ ਸੱਤਾ ਵਿੱਚ ਬਣੇ ਰਹਿਣ ਦੀ ਰਣਨੀਤੀ ਬਣਾਉਣਾ ਹੀ ਲੀਡਰ ਦਾ ਕੰਮ ਨਹੀਂ ਹੁੰਦਾ, ਨਾ ਹੀ ਅਜਿਹਾ ਵਿਅਕਤੀ ‘ਚਾਣਕਿਆ’ ਕਹਿਲਾਉਂਦਾ ਹੈ। ਚਾਣਕਿਆ ਉਸ ਨੂੰ ਕਹਿੰਦੇ ਹਨ, ਜੋ ਇਸ ਤਰ੍ਹਾਂ ਦੀ ਰਣਨੀਤੀ ਬਣਾਉਂਦਾ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਭਵਿੱਖ ਤੇ ਜੀਵਨ ਨਾਲ ਸਮਝੌਤਾ ਨਾ ਕਰਨਾ ਪਵੇ। ਲੋਕਤੰਤਰ ਵਿੱਚ ਹਮੇਸ਼ਾ ‘ਸਿਰਫ’ ਅਹੁਦੇ ‘ਤੇ ਬਣੇ ਰਹਿਣਾ ਤੇ ਇਸੇ ਲਈ ਯਤਨ ਕਰਦੇ ਰਹਿਣਾ ਕੋਈ ਯੋਗਤਾ ਨਹੀਂ, ਸਗੋਂ ਇੱਕ ਲਾਇਲਾਜ ਬਿਮਾਰੀ ਹੈ।



