ਨਵੀਂ ਦਿੱਲੀ : ਹਰਿਆਣਾ ਵਿਚ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਵਿਚਾਲੇ ਮਤਭੇਦਾਂ ਦਰਮਿਆਨ ਭਾਜਪਾ ਦੇ ਸੂਬੇ ਦੇ ਇੰਚਾਰਜ ਬਿਪਲਬ ਕੁਮਾਰ ਦੇਬ ਨੇ ਕਿਹਾ ਹੈ ਕਿ ਵੀਰਵਾਰ ਚਾਰ ਆਜ਼ਾਦ ਵਿਧਾਇਕਾਂ—ਧਰਮ ਪਾਲ ਗੋਂਡਰ, ਰਾਕੇਸ਼ ਦੌਲਤਾਬਾਦ, ਰਣਧੀਰ ਸਿੰਘ ਤੇ ਸੋਮਵੀਰ ਸਾਂਗਵਾਨ—ਨੇ ਉਨ੍ਹਾ ਨੂੰ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਭਰੋਸਾ ਜਤਾਇਆ |
ਦੇਬ ਨੇ ਇਕ ਬਿਆਨ ਵਿਚ ਕਿਹਾ ਕਿ ਭਾਜਪਾ ਡਬਲ ਇੰਜਣ ਸਰਕਾਰ ਨਾਲ ਸੂਬੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡ ਰਹੀ |
ਚੇਤੇ ਰਹੇ 2019 ਦੀਆਂ ਅਸੰਬਲੀ ਚੋਣਾਂ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ ਤੇ ਉਸਨੇ ਜਜਪਾ ਨਾਲ ਗੱਠਜੋੜ ਕਰਕੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਸੀ | ਜਜਪਾ ਆਗੂ ਦੁਸ਼ਯੰਤ ਚੌਟਾਲਾ ਨੂੰ ਉਪ ਮੱੁਖ ਮੰਤਰੀ ਬਣਾਇਆ ਗਿਆ ਸੀ | ਪਰ ਪਿੱਛੇ ਜਿਹੇ ਤੋਂ ਦੋਹਾਂ ਪਾਰਟੀਆਂ ਦੇ ਆਗੂ ਇਕ-ਦੂਜੇ ‘ਤੇ ਊਜਾਂ ਲਾ ਰਹੇ ਹਨ | ਹੁਣ ਦੇਬ ਨੇ ਕਿਹਾ ਹੈ ਕਿ ਜਜਪਾ ਨੇ ਭਾਜਪਾ ਦੀ ਹਮਾਇਤ ਕਰਕੇ ਅਹਿਸਾਨ ਨਹੀਂ ਕੀਤਾ ਸੀ | ਉਹ ਵੀ ਸਰਕਾਰ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ | 2024 ਵਿਚ ਹੋਣ ਜਾ ਰਹੀਆਂ ਅਸੰਬਲੀ ਚੋਣਾਂ ਬਾਰੇ ਦੋਹਾਂ ਪਾਰਟੀਆਂ ਨੇ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਮਿਲ ਕੇ ਲੜਨਗੀਆਂ ਜਾਂ ਇਕੱਲਿਆਂ-ਇਕੱਲਿਆਂ |
ਜਦੋਂ ਦੁਸ਼ਯੰਤ ਚੌਟਾਲਾ ਨੂੰ ਪਿੱਛੇ ਜਿਹੇ ਪੁੱਛਿਆ ਗਿਆ ਕਿ ਕੁਝ ਭਾਜਪਾ ਆਗੂ ਇਕੱਲਿਆਂ ਲੜਨ ਦੀ ਗੱਲ ਕਰ ਰਹੇ ਹਨ ਤਾਂ ਉਨ੍ਹਾ ਕਿਹਾ ਸੀ—ਭਵਿੱਖ ਦੇ ਗਰਭ ਵਿਚ ਕੀ ਹੈ, ਮੈਂ ਜੋਤਿਸ਼ੀ ਨਹੀਂ ਕਿ ਦੱਸ ਸਕਾਂ | ਕੀ ਅਸੀਂ ਸਿਰਫ 10 ਸੀਟਾਂ ਹੀ ਲੜਾਂਗੇ ਜਾਂ ਕੀ ਭਾਜਪਾ 40 ਸੀਟਾਂ ਹੀ ਲੜੇਗੀ? ਇਹ ਨਹੀਂ ਹੋ ਸਕਦਾ | ਦੋਹਵੇਂ ਪਾਰਟੀਆਂ 90 ਸੀਟਾਂ ਲਈ ਤਿਆਰੀ ਕਰ ਰਹੀਆਂ ਹਨ |