ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਣ ਸਿੰਘ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਸ਼ੁੱਕਰਵਾਰ ਮਹਿਲਾ ਭਲਵਾਨ ਸੰਗੀਤਾ ਫੋਗਾਟ ਨੂੰ ਬਿ੍ਜ ਭੂਸ਼ਣ ਦੇ ਘਰ ਲੈ ਕੇ ਗਈ | ਉਸਤੋਂ ਇਹ ਜਾਣਕਾਰੀ ਲਈ ਗਈ ਕਿ ਉਸ ਨਾਲ ਬਿ੍ਜ ਭੂਸ਼ਣ ਨੇ ਕੀ-ਕੀ ਤੇ ਕਿਵੇਂ ਕੀਤਾ ਸੀ |
ਇਸੇ ਦੌਰਾਨ ਬਿ੍ਜ ਭੂਸ਼ਣ ਖਿਲਾਫ ਅੰਦੋਲਨ ਕਰ ਰਹੇ ਕੌਮਾਂਤਰੀ ਭਲਵਾਨਾਂ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੇ ਕਿਹਾ—ਪੁਲਸ ਮਹਿਲਾ ਭਲਵਾਨ ਨੂੰ ਕ੍ਰਾਈਮ ਸੀਨ ‘ਤੇ ਲੈ ਕੇ ਗਈ ਸੀ ਪਰ ਮੀਡੀਆ ਵਿਚ ਦੱਸਿਆ ਗਿਆ ਹੈ ਕਿ ਉਹ ਸਮਝੌਤਾ ਕਰਨ ਗਈ | ਬਿ੍ਜ ਭੂਸ਼ਣ ਦੀ ਇਹੀ ਤਾਕਤ ਹੈ | ਉਹ ਬਾਹੂਬਲ, ਸਿਆਸੀ ਤਾਕਤ ਤੇ ਝੂਠੇ ਬਿਰਤਾਂਤ ਚਲਵਾ ਕੇ ਮਹਿਲਾ ਭਲਵਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ | ਉਸਦੀ ਗਿ੍ਫਤਾਰੀ ਜ਼ਰੂਰੀ ਹੈ |
ਉਧਰ, ਬਿ੍ਜ ਭੂਸ਼ਣ ਨੇ ਕਿਹਾ ਹੈ ਕਿ ਉਸ ਕੋਲ ਕੋਈ ਨਹੀਂ ਆਇਆ | ਇਸੇ ਦੌਰਾਨ ਇੰਟਰਨੈਸ਼ਨਲ ਰੈਫਰੀ ਜਗਬੀਰ ਸਿੰਘ ਨੇ ਦਿੱਲੀ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਇਕ ਈਵੈਂਟ ਵਿਚ ਬਿ੍ਜ ਭੂਸ਼ਣ ਮਹਿਲਾ ਭਲਵਾਨਾਂ ਨੂੰ ਛੂਹ ਰਿਹਾ ਸੀ | ਇਕ ਮਹਿਲਾ ਭਲਵਾਨ ਅਸਹਿਜ ਨਜ਼ਰ ਆ ਰਹੀ ਸੀ | ਉਸਨੇ ਬਿ੍ਜ ਭੂਸ਼ਣ ਨੂੰ ਧੱਕਾ ਵੀ ਦਿੱਤਾ ਸੀ | ਇੰਜ ਲੱਗਦਾ ਹੈ ਕਿ ਉਸ ਦਿਨ ਕੁਝ ਤਾਂ ਗਲਤ ਹੋਇਆ | 2013 ਵਿਚ ਥਾਈਲੈਂਡ ਦੇ ਫੁਕੇਟ ‘ਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਵਿਚ ਬਿ੍ਜ ਭੂਸ਼ਣ ਤੇ ਉਸਦੇ ਸਾਥੀਆਂ ਨੇ ਸ਼ਰਾਬ ਦੇ ਨਸ਼ੇ ਵਿਚ ਬੱਚੀਆਂ ਨੂੰ ਉਨ੍ਹਾਂ ਥਾਂਵਾਂ ‘ਤੇ ਟੱਚ ਕੀਤਾ, ਜਿੱਥੇ ਟੱਚ ਨਹੀਂ ਕੀਤਾ ਜਾਣਾ ਚਾਹੀਦਾ ਸੀ | ਘਟਨਾ ਤੋਂ ਪਹਿਲਾਂ ਬਿ੍ਜ ਭੂਸ਼ਣ ਨੇ ਬੱਚੀਆਂ ਨੂੰ ਇੰਡੀਅਨ ਫੂਡ ਖੁਆਉਣ ਦੀ ਗੱਲ ਕਹੀ ਸੀ ਪਰ ਡਿਨਰ ਤੋਂ ਪਹਿਲਾਂ ਬਿ੍ਜ ਭੂਸ਼ਣ ਤੇ ਉਸਦੇ ਸਾਥੀਆਂ ਨੇ ਸ਼ਰਾਬ ਪੀਤੀ ਸੀ |
2010 ਦੀ ਕਾਮਨਵੈਲਥ ਗੋਲਡ ਮੈਡੇਲਿਸਟ ਅਨੀਤਾ ਨੇ ਵੀ ਦਿੱਲੀ ਪੁਲਸ ਨੂੰ ਦਿੱਤੇ ਬਿਆਨ ਵਿਚ ਭਲਵਾਨਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਹਿਲਾ ਭਲਵਾਨ ਨੇ ਉਸਨੂੰ ਦੱਸਿਆ ਸੀ ਕਿ ਬਿ੍ਜ ਭੂਸ਼ਣ ਨੇ ਉਸਨੂੰ ਕਮਰੇ ਵਿਚ ਸੱਦ ਕੇ ਜਬਰੀ ਗਲੇ ਲਾਇਆ | ਉਹ ਭਲਵਾਨ ਉਸ (ਅਨੀਤਾ) ਅੱਗੇ ਰੋ ਪਈ ਸੀ |
ਦਿੱਲੀ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਹੁਣ ਤਕ 180 ਤੋਂ ਵੱਧ ਲੋਕਾਂ ਤੋਂ ਪੁੱਛਗਿਛ ਕਰ ਚੁੱਕੀ ਹੈ |