ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਣਕ ਦੀਆਂ ਕੀਮਤਾਂ ਵਧਣ ਤੋਂ ਰੋਕਣ ਲਈ ਫੌਰੀ ਤੌਰ ’ਤੇ 31 ਮਾਰਚ 2024 ਤਕ ਲਈ ਸਟਾਕ ਹੋਲਡਿੰਗ ਲਿਮਿਟ ਤੈਅ ਕਰ ਦਿੱਤੀ ਹੈ। ਅਜਿਹਾ 15 ਸਾਲਾਂ ਵਿਚ ਪਹਿਲੀ ਵਾਰ ਕੀਤਾ ਗਿਆ ਹੈ। ਇਸੇ ਦੌਰਾਨ ਸਰਕਾਰ ਨੇ ਓਪਨ ਮਾਰਕਿਟ ਸੇਲ ਸਕੀਮ ਤਹਿਤ ਪਹਿਲੇ ਪੜਾਅ ਵਿਚ ਥੋਕ ਖਪਤਕਾਰਾਂ ਤੇ ਵਪਾਰੀਆਂ ਨੂੰ ਕੇਂਦਰੀ ਪੂਲ ਵਿੱਚੋਂ 15 ਲੱਖ ਟਨ ਕਣਕ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਹੈ।
ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਪਿਛਲੇ ਮਹੀਨੇ ਵਿਚ ਕਣਕ ਦੀ ਮੰਡੀ ਵਿਚ ਕੀਮਤ 8 ਫੀਸਦੀ ਤਕ ਵਧ ਗਈ। ਹਾਲਾਂਕਿ ਥੋਕ ਤੇ ਪ੍ਰਚੂਨ ਕੀਮਤਾਂ ਨਹੀਂ ਵਧੀਆਂ, ਫਿਰ ਵੀ ਸਰਕਾਰ ਨੇ ਲਿਮਿਟ ਤੈਅ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਦੇਸ਼ ਵਿਚ ਕਾਫੀ ਕਣਕ ਹੈ, ਇਸ ਕਰਕੇ ਦਰਾਮਦੀ ਡਿਊਟੀ ਨਹੀਂ ਘਟਾਈ ਜਾਵੇਗੀ। ਉਨ੍ਹਾ ਕਿਹਾ ਕਿ ਹੋਰ ਖੰਡ ਬਰਾਮਦ ਕਰਨ ਦੀ ਵੀ ਤਜਵੀਜ਼ ਨਹੀਂ ਹੈ।



