ਮੋਗਾ (ਅਮਰਜੀਤ ਬੱਬਰੀ)-ਮੋਗਾ ਦੇ ਭੀੜ-ਭਾੜ ਵਾਲੇ ਬਾਜਾਰ ਰਾਮਗੰਜ ਮੰਡੀ ਵਿਚ ਸੋਮਵਾਰ ਦਿਨ-ਦਿਹਾੜੇ 5 ਨਕਾਬਪੋਸ਼ ਨੌਜਵਾਨਾਂ ਨੇ ਏਸ਼ੀਅਨ ਜਿਊਲਰਜ਼ ‘ਤੇ ਕਾਰੋਬਾਰੀ ਪਰਮਿੰਦਰ ਉਰਫ ਵਿੱਕੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਨੌਜਵਾਨ ਗਾਹਕ ਬਣ ਕੇ ਆਏ ਸਨ ਅਤੇ ਫਿਚ ਅਚਾਨਕ ਉਹਨਾਂ ਸੁਨਿਆਰੇ ਨੂੰ ਗੋਲੀ ਮਾਰ ਦਿੱਤੀ ਅਤੇ ਨਗਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਲੁਟੇਰਿਆਂ ਦੀਆਂ ਸ਼ਕਲਾਂ ਵੀ ਰਿਕਾਰਡ ਹੋਈਆਂ ਹਨ । ਤਿੰਨ ਦਿਨ ਪਹਿਲਾਂ ਪੁਲਸ ਵਰਦੀ ’ਚ ਲੁਟੇਰਿਆਂ ਨੇ ਨਾਕਾਬੰਦੀ ਕਰਕੇ ਇੱਥੋਂ ਨੇੜੇ ਸਥਿਤ ਗਿੱਲ ਰੋਡ ’ਤੇ ਕਰਿਆਨਾ ਵਪਾਰੀ ਦੋ ਭਰਾਵਾਂ ਕੋਲੋਂ ਪੰਜ ਲੱਖ ਰੁਪਏ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਵਿੱਕੀ ਨੂੰ ਡੀ ਐੱਮ ਐੱਸ ਲੁਧਿਆਣਾ ਰੈਫ਼ਰ ਕੀਤਾ ਗਿਆ, ਪਰ ਉੱਥੇ ਪੁੱਜਦਿਆਂ ਉਸ ਦੀ ਮੌਤ ਹੋ ਗਈ। ਸੀ ਸੀ ਟੀ ਵੀ ਫੁਟੇਜ਼ ਮੁਤਾਬਕ ਲੁਟੇਰਿਆਂ ਦੀ ਗਿਣਤੀ ਪੰਜ ਹੈ ਅਤੇ ਉਹ ਸਕਾਰਪੀਓ ਵਿਚ ਆਏ ਸਨ। ਵਿੱਕੀ ਨੇ ਸੋਨੇ ਦੇ ਗਹਿਣਿਆਂ ਦਾ ਹਾਲ ਹੀ ਵਿਚ ਨਵਾਂ ਸ਼ੋਅ ਰੂਮ ਬਣਾਇਆ ਹੈ ਅਤੇ ਮਹੂਰਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ।ਘਟਨਾ ਵਾਪਰਨ ਤੋਂ ਤੁਰੰਤ ਬਾਅਦ ਰਾਮਗੰਜ, ਬਜ਼ਾਰ ਸਰਾਫਾਂ ਅਤੇ ਮੇਨ ਬਜ਼ਾਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਮੇਨ ਬਜਾਰ ਰਾਮਗੰਜ ਦੇ ਗੇਟ ਸਾਹਮਣੇ ਵਿਸ਼ਾਲ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ।
ਦੁਕਾਨਦਾਰਾਂ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਪੁਲਸ ਵਰਦੀ ਵਿਚ ਲੁਟੇਰਿਆਂ ਦੋ ਕਾਰੋਬਾਰੀਆਂ ਤੋਂ ਇਸ ਇਲਾਕੇ ਵਿਚ ਹੀ ਕਰੀਬ ਪੰਜ ਲੱਖ ਦੀ ਲੁੱਟ ਕੀਤੀ ਸੀ ਤੇ ਉਨ੍ਹਾਂ ਨੂੰ ਕਾਬੂ ਕਰਨ ਵਿਚ ਵੀ ਪੁਲਸ ਦੇ ਹੱਥ ਖਾਲੀ ਹਨ, ਹੁਣ ਦੂਸਰੀ ਘਟਨਾ ਵਾਪਰ ਗਈ ਹੈ। ਦੁਕਾਨਦਾਰਾਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ ਅਤੇ ਸ਼ਹਿਰ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇ।





