ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਨੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੂੰ ਸੋਮਵਾਰ ਪੰਜਾਬ ਇਕਾਈ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ। ‘ਆਪ’ ਨੇ ਇਸ ਦੇ ਨਾਲ ਹੀ ਚਾਰ ਸੂਬਾ ਮੀਤ ਪ੍ਰਧਾਨਾਂ ਸਮੇਤ ਛੇ ਹੋਰ ਅਹੁਦੇਦਾਰ ਐਲਾਨੇ ਹਨ। ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਉੜਮੁੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੂੰ ਸੂਬਾਈ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਆਗੂ ਜਗਰੂਪ ਸਿੰਘ ਸੇਖਵਾਂ ਨੂੰ ਸੂਬਾ ਜਨਰਲ ਸਕੱਤਰ ਤੇ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਨੂੰ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਥਾਪਿਆ ਗਿਆ ਹੈ। ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਟਵੀਟ ਕਰਕੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ।





