21 ਨੌਕਰੀਆਂ, 225 ਸਕੈਂਡਲ

0
174

ਜਬਲਪੁਰ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਸਾਲ ਦੇ ਅਖੀਰ ਵਿਚ ਹੋਣ ਜਾ ਰਹੀਆਂ ਮੱਧ ਪ੍ਰਦੇਸ਼ ਅਸੰਬਲੀ ਚੋਣਾਂ ਲਈ ਮੁਹਿੰਮ ਦਾ ਸੋਮਵਾਰ ਆਗਾਜ਼ ਕਰਦਿਆਂ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ ਦੀ ਭਾਜਪਾ ਸਰਕਾਰ ਨੇ ਕੁਰੱਪਸ਼ਨ ਹੀ ਕੀਤੀ, ਨੌਕਰੀਆਂ ਨਹੀਂ ਦਿੱਤੀਆਂ।
ਵਿਆਪਮ ਮਾਮਲੇ, ਰਾਸ਼ਨ ਵੰਡ, ਖਣਨ, ਈ-ਟੈਂਡਰ ਤੇ ਕੋਰੋਨਾ ਵਾਇਰਸ ਖਿਲਾਫ ਲੜਾਈ ਦੌਰਾਨ ਹੋਈ ਕੁਰੱਪਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ-ਭਾਜਪਾ ਦੇ 220 ਮਹੀਨਿਆਂ ਦੇ ਰਾਜ ਵਿਚ 225 ਸਕੈਂਡਲ ਹੋਏ। ਇਹ ਸਰਕਾਰ ਹਰ ਮਹੀਨੇ ਸਕੈਂਡਲ ਕਰਦੀ ਰਹੀ।
ਉਨ੍ਹਾ ਕਿਹਾ ਕਿ ਜੇ ਲੋਕ ਕਾਂਗਰਸ ਦੀ ਸਰਕਾਰ ਬਣਵਾਉਣਗੇ ਤਾਂ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ, ਗੈਸ ਸਿਲੰਡਰ 500 ਰੁਪਏ ਦਾ ਮਿਲੇਗਾ, 100 ਯੂਨਿਟ ਬਿਜਲੀ ਫਰੀ ਮਿਲੇਗੀ, ਪੁਰਾਣੀ ਪੈਨਸ਼ਨ ਬਹਾਲ ਹੋਵੇਗੀ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ।
ਉਨ੍ਹਾ ਕਿਹਾ ਕਿ ਰਾਜਸਥਾਨ, ਹਿਮਾਚਲ ਤੇ ਛੱਤੀਸਗੜ੍ਹ ਦੀਆਂ ਕਾਂਗਰਸ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਅਤੇ ਕਰਨਾਟਕ ਵਾਲੀ ਸਰਕਾਰ ਨੇ ਪੰਜ ਗਰੰਟੀਆਂ ਕਲੀਅਰ ਕਰ ਦਿੱਤੀਆਂ ਹਨ। ਉਨ੍ਹਾ ਕਿਹਾ-ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਸਿਰਫ 21 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਜਦੋਂ ਮੇਰੇ ਧਿਆਨ ਵਿਚ ਇਹ ਅੰਕੜਾ ਲਿਆਂਦਾ ਗਿਆ ਤਾਂ ਮੈਂ ਆਪਣੇ ਦਫਤਰਾਂ ਤੋਂ ਤਿੰਨ ਵਾਰ ਚੈੱਕ ਕਰਵਾਇਆ ਅਤੇ ਸਹੀ ਨਿਕਲਿਆ। ਪਿ੍ਰਅੰਕਾ ਨੇ ਕਿਹਾ ਕਿ ਚੌਹਾਨ ਸਰਕਾਰ ਨੇ ਰੱਬ ਨੂੰ ਵੀ ਨਹੀਂ ਬਖਸ਼ਿਆ। ਉਜੈਨ ਦੇ ਮਹਾਕਾਲ ਗਲਿਆਰੇ ਵਿਚ 28 ਮਈ ਨੂੰ 6 ਮੂਰਤੀਆਂ ਹਨੇਰੀ ਨਾਲ ਡਿੱਗ ਗਈਆਂ। ਇਸ ਦੇ ਗਲਿਆਰੇ ਦੇ ਪਹਿਲੇ ਪੜਾਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਕਤੂਬਰ ’ਚ ਕੀਤਾ ਸੀ। ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਵਿਖੇ 900 ਮੀਟਰ ਦਾ ਗਲਿਆਰਾ 856 ਕਰੋੜ ਰੁਪਏ ਦਾ ਬਣਾਇਆ ਜਾ ਰਿਹਾ ਹੈ ਤੇ ਇਸ ਦੇ ਪਹਿਲੇ ਪੜਾਅ ’ਤੇ 351 ਕਰੋੜ ਰੁਪਏ ਖਰਚ ਹੋਏ।
ਕਾਂਗਰਸ ਛੱਡ ਕੇ ਭਾਜਪਾ ’ਚ ਗਏ ਕੇਂਦਰੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੂੰ ਨਿਸ਼ਾਨੇ ’ਤੇ ਲੈਂਦਿਆਂ ਪਿ੍ਰਅੰਕਾ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਕੁਝ ਕਾਂਗਰਸੀ ਆਗੂਆਂ ਨੇ ਸੱਤਾ ਖਾਤਰ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਦਿੱਤੀ। ਚੌਹਾਨ ਨੂੰ ਘੋਸ਼ਣਾਵੀਰ ਕਰਾਰ ਦਿੰਦਿਆਂ ਪਿ੍ਰਅੰਕਾ ਨੇ ਕਿਹਾ ਕਿ ਉਨ੍ਹਾ 18 ਸਾਲ ਮੁੱਖ ਮੰਤਰੀ ਰਹਿੰਦਿਆਂ 22 ਹਜ਼ਾਰ ਐਲਾਨ ਕੀਤੇ ਪਰ ਲਾਗੂ ਇਕ ਨਹੀਂ ਕੀਤਾ।

LEAVE A REPLY

Please enter your comment!
Please enter your name here