ਕੁਰੂਕਸ਼ੇਤਰ : ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਮੰਗ ਕਰ ਰਹੇ ਕਿਸਾਨਾਂ ਨੇ ਸੋਮਵਾਰ ਪਿਪਲੀ ਨੇੜੇ ਦਿੱਲੀ-ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ ਅਤੇ ਐੱਮ ਐੱਸ ਪੀ ’ਤੇ ਖਰੀਦ ਯਕੀਨੀ ਨਾ ਬਣਾਉਣ ਦੀ ਸੂਰਤ ’ਚ ਸੜਕਾਂ ਉੱਤੇ ਉਤਰਨ ਦੀ ਚਿਤਾਵਨੀ ਦਿੱਤੀ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਗੁਆਂਢੀ ਸੂਬਿਆਂ ਦੇ ਕਿਸਾਨ ਆਗੂ ਮਹਾਂ ਪੰਚਾਇਤ ਲਈ ਪਿਪਲੀ ਦੀ ਅਨਾਜ ਮੰਡੀ ’ਚ ਇਕੱਠੇ ਹੋਏ ਸਨ। ਇਸ ਮਹਾਂ ਪੰਚਾਇਤ ’ਚ ਭਲਵਾਨ ਬਜਰੰਗ ਪੂਨੀਆ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ। ਟਿਕੈਤ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਕੌਮੀ ਮਾਰਗ ਜਾਮ ਕਰਨ ਦੇ ਮਾਮਲੇ ’ਚ ਗਿ੍ਰਫਤਾਰ ਕਿਸਾਨ ਆਗੂਆਂ ਨੂੰ ਰਿਹਾਅ ਕਰੇ ਅਤੇ ਐੱਮ ਐੱਸ ਪੀ ਯਕੀਨੀ ਬਣਾਵੇ, ਨਹੀਂ ਤਾਂ ਦੇਸ਼ ਪੱਧਰ ’ਤੇ ਅੰਦੋਲਨ ਵਿੱਢਿਆ ਜਾਵੇਗਾ। ਕਿਸਾਨ ਆਗੂ ਸੁਰੇਸ਼ ਕੋਥ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਹੈ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣਗੇ।





