14.7 C
Jalandhar
Wednesday, December 11, 2024
spot_img

ਅਗਨੀਪੱਥ ਯੋਜਨਾ ਵਿਰੁੱਧ 24 ਨੂੰ ਦੇਸ਼-ਵਿਆਪੀ ਰੋਸ ਦਿਵਸ : ਸੰਯੁਕਤ ਕਿਸਾਨ ਮੋਰਚਾ

ਲੁਧਿਆਣਾ (ਐੱਮ ਐੱਸ ਭਾਟੀਆ,  ਰੈਕਟਰ ਕਥੂਰੀਆ)
ਸੰਯੁਕਤ ਕਿਸਾਨ ਮੋਰਚਾ ਨੇ ਫੌਜ ਵਿੱਚ ਭਰਤੀ ਦੀ ਨਵੀਂ ਅਗਨੀਪੱਥ ਯੋਜਨਾ ਦੇ ਖਿਲਾਫ ਨੌਜਵਾਨਾਂ ਦੇ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਧਰਨੇ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਇਸ ਯੋਜਨਾ ਨੂੰ ਫੌਜ ਵਿਰੋਧੀ, ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਰਾਰ ਦਿੱਤਾ ਹੈ | ਜਦੋਂ ਕੇਂਦਰ ਸਰਕਾਰ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਦੀ ਭਾਵਨਾ ਨੂੰ ਢਾਹ ਲਾਉਣ ‘ਤੇ ਤੁਲੀ ਹੋਈ ਹੈ ਤਾਂ ਕਿਸਾਨ ਲਹਿਰ ਦਾ ਫਰਜ਼ ਬਣਦਾ ਹੈ ਕਿ ਉਹ ਜਵਾਨਾਂ ਨਾਲ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ | ਇਸ ਲਈ ਸੰਯੁਕਤ ਕਿਸਾਨ ਮੋਰਚਾ 24 ਜੂਨ ਨੂੰ ਦੇਸ਼ ਭਰ ਵਿੱਚ ਰੋਸ ਦਿਵਸ ਮਨਾਏਗਾ | ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਤਾਲਮੇਲ ਕਮੇਟੀ ਨੇ ਮੰਗਲਵਾਰ ਕਰਨਾਲ (ਹਰਿਆਣਾ) ਵਿੱਚ ਹੋਈ ਮੀਟਿੰਗ ਦੌਰਾਨ ਲਿਆ |
ਇਸ ਸਕੀਮ ਨੂੰ ਦੇਸ਼ ਦੇ ਭਵਿੱਖ ਨਾਲ ਖਿਲਵਾੜ ਦੱਸਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਇਹ ਨਾ ਸਿਰਫ ਦੇਸ਼ ਦੀ ਸੁਰੱਖਿਆ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਸੁਪਨਿਆਂ ਨਾਲ ਖੇਡ ਰਹੀ ਹੈ, ਸਗੋਂ ਦੇਸ਼ ਦੇ ਕਿਸਾਨ ਪਰਵਾਰਾਂ ਨਾਲ ਵੀ ਖਿਲਵਾੜ ਹੈ | ਇਸ ਦੇਸ਼ ਦਾ ਜਵਾਨ ਵਰਦੀਧਾਰੀ ਕਿਸਾਨ ਹੈ | ਜ਼ਿਆਦਾਤਰ ਸਿਪਾਹੀ ਕਿਸਾਨ ਪਰਵਾਰਾਂ ਤੋਂ ਹਨ | ਫੌਜ ਦੀ ਨੌਕਰੀ ਲੱਖਾਂ ਕਿਸਾਨ ਪਰਵਾਰਾਂ ਦੇ ਸਨਮਾਨ ਅਤੇ ਆਰਥਿਕ ਮਜ਼ਬੂਤੀ ਨਾਲ ਜੁੜੀ ਹੋਈ ਹੈ | ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਕਿ ਸਾਬਕਾ ਸੈਨਿਕਾਂ ਨੂੰ ”ਵਨ ਰੈਂਕ ਵਨ ਪੈਨਸ਼ਨ” ਦੇ ਵਾਅਦੇ ਨਾਲ ਰੈਲੀ ਕਰਕੇ ਆਪਣੀ ਜਿੱਤ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ”ਨੋ ਰੈਂਕ ਨੋ ਪੈਨਸ਼ਨ” ਦੀ ਇਹ ਸਕੀਮ ਸ਼ੁਰੂ ਕੀਤੀ ਹੈ | ਫੌਜ ਵਿੱਚ ਰੈਗੂਲਰ ਭਰਤੀ ਵਿੱਚ ਵੱਡੀ ਕਟੌਤੀ ਉਨ੍ਹਾਂ ਕਿਸਾਨ ਪੁੱਤਰਾਂ ਨਾਲ ਧੋਖਾ ਹੈ, ਜਿਨ੍ਹਾਂ ਨੇ ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰਨ ਦਾ ਸੁਪਨਾ ਪਾਲਿਆ ਸੀ | ਇਹ ਕੋਈ ਇਤਫਾਕ ਨਹੀਂ ਹੈ ਕਿ ਇਸ ਸਕੀਮ ਵਿੱਚ Tਆਲ ਇੰਡੀਆ ਆਲ ਕਲਾਸਜ਼” ਦੇ ਨਿਯਮ ਅਧੀਨ ਭਰਤੀ ਹੋਣ ਨਾਲ ਉਨ੍ਹਾਂ ਸਾਰੇ ਖੇਤਰਾਂ ਵਿੱਚੋਂ ਭਰਤੀ ਵਿੱਚ ਸਭ ਤੋਂ ਵੱਡੀ ਕਮੀ ਆਵੇਗੀ, ਜਿੱਥੇ ਕਿਸਾਨ ਅੰਦੋਲਨ ਨੇ ਸਰਗਰਮ ਹਿੱਸਾ ਲਿਆ ਸੀ | ਕਿਸਾਨ ਅੰਦੋਲਨ ਦੇ ਹੱਥੋਂ ਆਪਣੀ ਹਾਰ ਤੋਂ ਦੁਖੀ ਹੋਈ ਇਸ ਸਰਕਾਰ ਨੇ ਕਿਸਾਨਾਂ ਤੋਂ ਬਦਲਾ ਲੈਣ ਦੀ ਇੱਕ ਹੋਰ ਚਾਲ ਚੱਲੀ ਹੈ | ਸੰਯੁਕਤ ਕਿਸਾਨ ਮੋਰਚਾ ਨੇ ਅਗਨੀਵੀਰ ਭਰਤੀ ਸ਼ੁਰੂ ਹੋਣ ਵਾਲੇ ਦਿਨ 24 ਜੂਨ ਨੂੰ ਇਸ ਸਕੀਮ ਵਿਰੁੱਧ ਦੇਸ਼ ਵਿਆਪੀ ਰੋਸ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ | ਉਸ ਦਿਨ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨਾਲ ਸਾਰੇ ਜ਼ਿਲ੍ਹਾ, ਤਹਿਸੀਲ ਜਾਂ ਬਲਾਕ ਹੈੱਡਕੁਆਰਟਰ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਭਾਰਤ ਦੇ ਰਾਸ਼ਟਰਪਤੀ, ਸੈਨਾ ਦੇ ਸੁਪਰੀਮ ਕਮਾਂਡਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ | ਸੰਯੁਕਤ ਕਿਸਾਨ ਮੋਰਚਾ ਨੇ ਇਸ ਸਕੀਮ ਦਾ ਵਿਰੋਧ ਕਰ ਰਹੇ ਸਮੂਹ ਨੌਜਵਾਨਾਂ ਨੂੰ ਇਸ ਸ਼ਾਂਤਮਈ ਰੋਸ ਦਿਵਸ ਦੀ ਮਰਿਆਦਾ ਦਾ ਸਤਿਕਾਰ ਕਰਦਿਆਂ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ | ਮੋਰਚੇ ਨੇ ਦੇਸ਼ ਦੀਆਂ ਸਮੂਹ ਜਨਤਕ ਜਥੇਬੰਦੀਆਂ, ਜਨ ਅੰਦੋਲਨਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਰੋਸ ਦਿਵਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ | ਸੰਯੁਕਤ ਕਿਸਾਨ ਮੋਰਚਾ ਦੀ ਆਗਾਮੀ ਕੌਮੀ ਮੀਟਿੰਗ 3 ਜੁਲਾਈ ਨੂੰ ਗਾਜ਼ੀਆਬਾਦ ਵਿੱਚ ਤੈਅ ਕੀਤੀ ਗਈ ਹੈ | ਇਸ ਮੀਟਿੰਗ ਵਿੱਚ ਮੋਰਚੇ ਦੇ ਆਉਣ ਵਾਲੇ ਪ੍ਰੋਗਰਾਮ ਅਤੇ ਜਥੇਬੰਦੀ ਨਾਲ ਸੰਬੰਧਤ ਫੈਸਲੇ ਲਏ ਜਾਣਗੇ |

Related Articles

LEAVE A REPLY

Please enter your comment!
Please enter your name here

Latest Articles