ਨਵੀਂ ਦਿੱਲੀ : ਅਗਨੀਪੱਥ ਸਕੀਮ ਦੀ ਹਮਾਇਤ ਕਰਦਿਆਂ ਅਗਨੀਵੀਰਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਨੌਕਰੀ ‘ਤੇ ਰੱਖਣ ਦੇ ਟਵੀਟ ਕਰਨ ਵਾਲੇ ਕਾਰਪੋਰੇਟੀਆਂ ਨੂੰ ਸਾਬਕਾ ਫੌਜੀ ਅਫਸਰਾਂ ਨੇ ਲੰਮੇ ਹੱਥੀਂ ਲੈਂਦਿਆਂ ਪੁੱਛਿਆ ਹੈ ਕਿ ਉਹ ਅੰਕੜੇ ਦਿਖਾਉਣ ਕਿ ਹੁਣ ਤੱਕ ਉਨ੍ਹਾਂ ਨੇ ਕਿੰਨੇ ਸਾਬਕਾ ਫੌਜੀ ਅਫਸਰਾਂ ਤੇ ਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ |
ਮਹਿੰਦਰਾ ਗਰੁੱਪ ਦੇ ਆਨੰਦ ਮਹਿੰਦਰਾ ਨੇ ਅਗਨੀਪੱਥ ਸਕੀਮ ਦੇ ਐਲਾਨ ਤੋਂ ਬਾਅਦ ਹੋਈ ਹਿੰਸਾ ‘ਤੇ ਦੁੱਖ ਪ੍ਰਗਟਾਉਂਦਿਆਂ ਟਵੀਟ ਕੀਤਾ ਸੀ ਕਿ ਅਗਨੀਵੀਰ ਫੌਜ ਵਿਚ ਜਿਹੜਾ ਅਨੁਸ਼ਾਸਨ ਤੇ ਮੁਹਾਰਤ ਹਾਸਲ ਕਰਨਗੇ, ਉਹ ਉਨ੍ਹਾਂ ਨੂੰ ਨੌਕਰੀਆਂ ਹਾਸਲ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ | ਮਹਿੰਦਰਾ ਗਰੁੱਪ ਅਜਿਹੇ ਨੌਜਵਾਨਾਂ ਨੂੰ ਨੌਕਰੀ ਦੇਣ ਵਿਚ ਖੁਸ਼ੀ ਮਹਿਸੂਸ ਕਰੇਗਾ | ਆਰ ਪੀ ਜੀ ਗਰੁੱਪ ਦੇ ਹਰਸ਼ ਗੋਇਨਕਾ ਨੇ ਕਿਹਾ ਸੀ ਕਿ ਉਹ ਵੀ ਅਗਨੀਵੀਰਾਂ ਨੂੰ ਨੌਕਰੀ ਦੇਣਗੇ ਤੇ ਆਸ ਕਰਦੇ ਹਨ ਕਿ ਹੋਰ ਕਾਰਪੋਰੇਟ ਘਰਾਣੇ ਵੀ ਇਨ੍ਹਾਂ ਨੂੰ ਨੌਕਰੀਆਂ ਦੇਣ ਦਾ ਪ੍ਰਣ ਕਰਨਗੇ | ਬਾਇਓਕੋਨ ਲਿਮਟਿਡ ਦੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਨੇ ਕਿਹਾ ਕਿ ਉਨ੍ਹਾ ਦਾ ਪੱਕਾ ਵਿਸ਼ਵਾਸ ਹੈ ਕਿ ਅਗਨੀਵੀਰਾਂ ਨੂੰ ਸਨਅਤਾਂ ਵਿਚ ਪਹਿਲ ਦੇ ਆਧਾਰ ‘ਤੇ ਰੱਖਿਆ ਜਾਵੇਗਾ | ਆਨੰਦ ਮਹਿੰਦਰਾ ਦੇ ਟਵੀਟ ਦਾ ਜਵਾਬ ਦਿੰਦਿਆਂ ਸਾਬਕਾ ਜਲ ਸੈਨਾ ਮੁਖੀ ਤੇ 1971 ਦੀ ਜੰਗ ਦੇ ਹੀਰੋ ਅਰੁਣ ਪ੍ਰਕਾਸ਼ ਨੇ ਉਨ੍ਹਾ ਤੋਂ ਪੁੱਛਿਆ ਹੈ—ਇਸ ਨਵੀਂ ਸਕੀਮ ਦੀ ਉਡੀਕ ਕਿਉਂ? ਕੀ ਮਹਿੰਦਰਾ ਗਰੁੱਪ ਨੇ ਹਰ ਸਾਲ ਰਿਟਾਇਰ ਹੁੰਦੇ ਹਜ਼ਾਰਾਂ ਉਚ ਮੁਹਾਰਤ ਵਾਲੇ ਤੇ ਅਨੁਸ਼ਾਸਤ ਫੌਜੀ ਅਫਸਰਾਂ ਤੇ ਜਵਾਨਾਂ ਤੱਕ ਪਹਿਲਾਂ ਕਦੇ ਪਹੁੰਚ ਕੀਤੀ ਹੈ, ਜਿਨ੍ਹਾਂ ਨੂੰ ਨੌਕਰੀਆਂ ਦੀ ਲੋੜ ਪੈਂਦੀ ਹੈ | ਚੰਗਾ ਹੋਵੇਗਾ ਜੇ ਗਰੁੱਪ ਅੰਕੜੇ ਦੱੱਸ ਦੇਵੇ ਕਿ ਉਸ ਨੇ ਕਿੰਨੇ ਸਾਬਕਾ ਫੌਜੀਆਂ ਨੂੰ ਨੌਕਰੀਆਂ ਦਿੱਤੀਆਂ |
ਸਾਬਕਾ ਏਅਰ ਵਾਈਸ ਮਾਰਸ਼ਲ ਮਨਮੋਹਨ ਬਹਾਦੁਰ ਨੇ ਵੀ ਮਹਿੰਦਰਾ ਤੋਂ ਅੰਕੜੇ ਮੰਗਣ ਦੇ ਐਡਮਿਰਲ ਅਰੁਣ ਪ੍ਰਕਾਸ਼ ਦੇ ਟਵੀਟ ਦੀ ਹਮਾਇਤ ਕਰਦਿਆਂ ਕਿਹਾ—ਮੈਂ ਅਜਿਹੇ ਵਾਅਦੇ ਸੁਣਦਿਆਂ ਚਾਲੀ ਸਾਲ ਸੇਵਾ ਕਰਕੇ ਰਿਟਾਇਰ ਹੋਇਆ ਹਾਂ | ਜਲ ਸੈਨਾ ਦੇ ਸਾਬਕਾ ਇੰਜੀਨੀਅਰ ਅਭਿਸ਼ੇਕ ਕੁਮਾਰ ਨੇ ਕਿਹਾ—ਮੈਂ 31 ਜੂਨ 2017 ਵਿਚ ਰਿਟਾਇਰ ਹੋਇਆ ਸੀ | ਮਹਿੰਦਰਾ ਗਰੁੱਪ ਕੋਲ ਢੁਕਵੀਂ ਨੌਕਰੀ ਲਈ ਪਹੁੰਚ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ | ਮੈਂ ਅਜੇ ਵੀ ਬਿਨਾਂ ਨੌਕਰੀ ਦੇ ਹਾਂ | ਅਚਾਨਕ ਸਾਰੀਆਂ ਕੰਪਨੀਆਂ ਅਗਨੀਵੀਰਾਂ ਨੂੰ ਨੌਕਰੀ ਦੇਣ ਲਈ ਤਿਆਰ ਹੋ ਗਈਆਂ ਹਨ, ਕਯਾ ਮਜ਼ਾਕ ਹੈ | ਰਿਟਾਇਰਡ ਕਰਨਲ ਸਲੀਮ ਦੁਰਾਨੀ ਨੇ ਕਿਹਾ—ਪਿਆਰੇ ਸ੍ਰੀ ਮਹਿੰਦਰਾ, ਹਰ ਸਾਲ ਕਰੀਬ 60-70 ਹਜ਼ਾਰ ਟਰੇਂਡ ਜਵਾਨ ਰਿਟਾਇਰ ਹੁੰਦੇ ਹਨ | ਪੁੱਛਣਾ ਚਾਹਾਂਗਾ ਕਿ ਇਨ੍ਹਾਂ ਵਿਚੋਂ ਕਿੰਨਿਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ | ਕੋਈ ਅੰਕੜੇ ਦੇ ਸਕਦੇ ਹੋ | ਅਗਨੀਵੀਰਾਂ ਬਾਰੇ ਗੱਲ ਬਾਅਦ ‘ਚ ਕਰਾਂਗੇ | ਸਾਬਕਾ ਕਰਨਲ ਅਸ਼ੋਕ ਕੁਮਾਰ ਸਿੰਘ ਨੇ ਕਿਹਾ—ਸ੍ਰੀ ਮਹਿੰਦਰਾ ਕ੍ਰਿਪਾ ਕਰਕੇ ਅਮਰੀਕੀ ਕਾਰਪੋਰੇਟੀਆਂ ਤੋਂ ਸਿੱਖੋ | ਉਹ ਸਾਬਕਾ ਫੌਜੀਆਂ ਨੂੰ ਕਿਵੇਂ ਉਤਸ਼ਾਹਤ ਕਰਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ | ਤੁਸੀਂ ਜ਼ਬਾਨੀ ਗੱਲਾਂ ਕਰ ਰਹੇ ਹੋ, ਜਿਵੇਂ ਤੁਹਾਨੂੰ ਮੋਦੀ ਨੇ ਦੱਸਿਆ ਹੈ | ਇਕ ਸਾਬਕਾ ਮੇਜਰ ਜਨਰਲ ਨੇ ਕਿਹਾ—ਅਗਨੀਵੀਰਾਂ ਨੂੰ ਨੌਕਰੀਆਂ ਦੇ ਵਾਅਦੇ ਕਰਨ ਵਾਲੇ ਸਨਅਤਕਾਰ ਦੱਸਣ ਕਿ ਹੁਣ ਤੱਕ ਉਨ੍ਹਾਂ ਕਿੰਨੇ ਸਾਬਕਾ ਫੌਜੀਆਂ ਨੂੰ ਨੌਕਰੀਆਂ ਦਿੱਤੀਆਂ | ਜਦੋਂ ਉਹ ਆਪਣੇ-ਆਪਣੇ ਅੰਕੜੇ ਦੱਸਣਗੇ ਤਾਂ ਨੰਗੇ ਹੋ ਜਾਣਗੇ | ਸਾਬਕਾ ਫੌਜੀ ਭਲਾਈ ਵਿਭਾਗ ਦੇ ਤਹਿਤ ਆਉਂਦੇ ਫੌਜੀਆਂ ਦੇ ਮੁੜ-ਵਸੇਬੇ ਬਾਰੇ ਡਾਇਰੈਕਟੋਰੇਟ ਜਨਰਲ ਦੇ ਤਾਜ਼ਾ ਅੰਕੜੇ (30 ਜੂਨ 2021 ਦੇ) ਮੁਤਾਬਕ ਸਾਬਕਾ ਫੌਜੀਆਂ ਲਈ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਦਾ ਜਿੰਨਾ ਕੋਟਾ ਹੁੰਦਾ ਹੈ, ਉਸ ਤੋਂ ਕਿਤੇ ਘੱਟ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ | ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਗਰੁੱਪ ਸੀ ਦੀਆਂ ਪੋਸਟਾਂ ਲਈ 10 ਫੀਸਦੀ ਤੇ ਗਰੁੱਪ ਡੀ ਦੀਆਂ ਪੋਸਟਾਂ ਲਈ 20 ਫੀਸਦੀ ਕੋਟਾ ਹੁੰਦਾ ਹੈ | 77 ਵਿਭਾਗਾਂ ਵਿਚੋਂ 34 ਵਿਚ ਗਰੁੱਪ ਸੀ ਵਿਚ ਸਿਰਫ 1.29 ਫੀਸਦੀ ਤੇ ਗਰੁੱਪ ਡੀ ਵਿਚ 2.66 ਫੀਸਦੀ ਕੋਟਾ ਹੀ ਪੁਰ ਹੈ | ਗਰੁੱਪ ਸੀ ਦੇ ਕੁਲ 10,84,705 ਵਿਚੋਂ ਸਿਰਫ 13,976 ਅਤੇ ਗਰੁੱਪ ਡੀ ਦੇ 3, 25, 265 ਵਿਚੋਂ ਸਿਰਫ 8,642 ਮੁਲਾਜ਼ਮ ਹੀ ਸਾਬਕਾ ਫੌਜੀ ਹਨ | ਕੇਂਦਰੀ ਨੀਮ ਫੌਜਾਂ ਵਿਚ ਸਾਬਕਾ ਫੌਜੀਆਂ ਲਈ 10 ਫੀਸਦੀ ਕੋਟਾ ਹੈ, ਪਰ 30 ਜੂਨ 2019 ਤੱਕ ਹਾਲ ਇਹ ਸੀ ਕਿ ਗਰੁੱਪ ਸੀ ਵਿਚ ਸਿਰਫ 0.47 ਫੀਸਦੀ (8, 81,397 ਵਿਚ 4,146) ਗਰੁੱਪ ਬੀ ਵਿਚ 0.87 ਫੀਸਦੀ (61,650 ਵਿਚ 539) ਅਤੇ ਗਰੁੱਪ ਏ ਵਿਚ 2.20 ਫੀਸਦੀ (76,681 ਵਿਚ 1,687) ਹੀ ਸਾਬਕਾ ਫੌਜੀ ਸਨ |