ਨਵੀਂ ਦਿੱਲੀ : ਦਿੱਲੀ ਪੁਲਸ ਭਲਵਾਨਾਂ ਦੇ ਮਾਮਲੇ ’ਚ ਜਲਦ ਹੀ 150 ਤੋਂ ਵੱਧ ਗਵਾਹਾਂ ਦੀ ਚੈਟ, ਵੀਡੀਓ ਅਤੇ ਬਿਆਨ ਅਦਾਲਤ ’ਚ ਪੇਸ਼ ਕਰੇਗੀ। ਸੂਤਰਾਂ ਅਨੁਸਾਰ ਪੁਲਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਦਫਤਰ ਦੇ ਸੀ ਸੀ ਟੀ ਵੀ ਫੁਟੇਜ਼ ਸਮੇਤ ਕਈ ਵੀਡੀਓਜ਼ ਇਕੱਠੇ ਕੀਤੇ ਹਨ। ਇਸ ਤੋਂ ਪਹਿਲਾਂ ਪੁਲਸ ਨੇ ਪੰਜ ਵਿਦੇਸ਼ੀ ਕੁਸ਼ਤੀ ਫੈਡਰੇਸ਼ਨਾਂ ਤੱਕ ਪਹੁੰਚ ਕਰਕੇ ਜਾਣਕਾਰੀ ਮੰਗੀ ਸੀ, ਕਿਉਂਕਿ ਕਈ ਭਲਵਾਨਾਂ ਨੇ ਵਿਦੇਸ਼ਾਂ ’ਚ ਟੂਰਨਾਮੈਂਟਾਂ ਦੌਰਾਨ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਫਿਲਹਾਲ ਉਹ ਇਨ੍ਹਾਂ ਫੈਡਰੇਸ਼ਨਾਂ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਪੁਲਸ ਵੱਲੋਂ ਦਾਇਰ ਕੀਤੀ ਜਾਣ ਵਾਲੀ ਚਾਰਜਸ਼ੀਟ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੇ ਜਾਂਚ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਹੈ। ਜਾਂਚ ਅਧਿਕਾਰੀ ਹੁਣ ਜ਼ਰੂਰੀ ਪ੍ਰਕਿਰਿਆਵਾਂ ਨੂੰ ਪੂਰਾ ਕਰੇਗਾ ਅਤੇ ਰਿਪੋਰਟਾਂ ਨੂੰ ਅਦਾਲਤ ਨੂੰ ਸੌਂਪੇਗਾ। ਅਪ੍ਰੈਲ ’ਚ ਦਿੱਲੀ ਪੁਲਸ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਅਧਾਰ ’ਤੇ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਵਿਰੁੱਧ ਦੋ ਐੱਫ ਆਈ ਆਰ ਦਰਜ ਕੀਤੀਆਂ ਸਨ। ਪਹਿਲੀ ਐੱਫ ਆਈ ਆਰ ਇੱਕ ਨਾਬਾਲਗ ਵੱਲੋਂ ਲਗਾਏ ਗਏ ਦੋਸ਼ਾਂ ਨਾਲ ਸੰਬੰਧਤ ਹੈ ਅਤੇ ਇਸ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਦੂਜੀ ਐਫ ਆਈ ਆਰ ਬਾਲਗ ਸ਼ਿਕਾਇਤਕਰਤਾਵਾਂ ਦੀਆਂ ਸ਼ਿਕਾਇਤਾਂ ਦੀ ਵਿਆਪਕ ਜਾਂਚ ’ਤੇ ਕੇਂਦਰਤ ਹੈ। ਨਾਬਾਲਗ ਭਲਵਾਨ ਦੇ ਪਿਤਾ ਨੇ ਬਾਅਦ ਵਿਚ ਬਿਆਨ ਦਰਜ ਕਰਵਾਇਆ ਕਿ ਉਸ ਨੇ ਗੁੱਸੇ ਵਿਚ ਸ਼ਿਕਾਇਤ ਦਰਜ ਕਰਵਾਈ।


