ਗਵਰਨਰ ਤੇ ਵਿਰੋਧੀ ਦਲ ਪੰਜਾਬ ਤੇ ਪੰਜਾਬ ਸਰਕਾਰ ਖਿਲਾਫ ਰਚ ਰਹੇ ਸਾਜ਼ਿਸ਼ਾਂ : ਕੰਗ

0
194

ਚੰਡੀਗੜ੍ਹ. “ਪੰਜਾਬ ਦੇ ਗਵਰਨਰ ਵੱਲੋਂ ਲਗਾਤਾਰ ਕੇਂਦਰ ਦੇ ਇਸ਼ਾਰਿਆਂ ’ਤੇ ਚੱਲਦਿਆਂ ਪੰਜਾਬ ਅਤੇ ਪੰਜਾਬ ਸਰਕਾਰ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਵਿੱਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਗਵਰਨਰ ਪੰਜਾਬ ਕਦੇ ਪ੍ਰਤਾਪ ਬਾਜਵਾ ਦੇ ਇਸ਼ਾਰੇ ਉੱਤੇ ਵਿਧਾਨ ਸਭਾ ਵਿੱਚ ‘ਮੇਰੀ ਸਰਕਾਰ’ ਕਹਿਣ ਤੋਂ ਪਾਸਾ ਵੱਟ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ, ਕਦੇ ਪੰਜਾਬ ਦੇ ਗਵਰਨਰ ਹੁੰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣੇ ਨੂੰ ਹਿੱਸਾ ਦੇਣ ਦੀ ਸਰੇਆਮ ਵਕਾਲਤ ਕਰਦੇ ਹਨ, ਪਰ ਅਫਸੋਸ ਕਿ ਪੰਜਾਬ-ਹਿਤੈਸ਼ੀ ਅਖਵਾਉਣ ਵਾਲੀਆਂ ਵਿਰੋਧੀ ਧਿਰਾਂ ਅਤੇ ਉਨ੍ਹਾਂ ਦੇ ਆਗੂ ਇਸ ਗੰਭੀਰ ਮਸਲੇ ’ਤੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਦੇ।’’ ਉਪਰੋਕਤ ਸ਼ਬਦ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਦੇ ਹਨ, ਜੋ ਕਿ ਬੁੱਧਵਾਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਕੰਗ ਨੇ ਪਿਛਲੇ ਦਿਨੀਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਲੰਘੇ ਵਿਧਾਨ ਸਭਾ ਸੈਸ਼ਨ ਵਿੱਚ ‘ਮੇਰੀ ਸਰਕਾਰ’ ਨਾ ਕਹਿਣ ਦੇ ਮਸਲੇ ’ਤੇ ਪੱਤਰਕਾਰ ਵੱਲੋਂ ਪੁੱਛੇ ਸਵਾਲ ਉਪਰੰਤ ਆਪਣੀ ਗਲਤੀ ਤੋਂ ਮੁਨਕਰ ਹੋਣ ਅਤੇ ਬੋਲੇ ਕੋਰੇ ਝੂਠ ਨੂੰ ਉਜਾਗਰ ਕਰਦਿਆਂ ਉਪਰੋਕਤ ਸੈਸ਼ਨ ਦੀ ਇੱਕ ਵੀਡੀਓ ਪੱਤਰਕਾਰਾਂ ਨਾਲ ਸਾਂਝੀ ਕੀਤੀ ਅਤੇ ਸੱਚ ਸਭ ਦੇ ਸਾਹਮਣੇ ਰੱਖਦਿਆਂ ਗਵਰਨਰ ਪੰਜਾਬ ਨੂੰ ਆਪਣੇ ਸੰਵਿਧਾਨਕ ਅਹੁਦੇ ਦੀ ਮਾਣ-ਮਰਿਆਦਾ ਦਾ ਧਿਆਨ ਰੱਖਣ ਲਈ ਬੇਨਤੀ ਕੀਤੀ।
ਵੀਡੀਓ ਦਾ ਹਵਾਲਾ ਦਿੰਦਿਆਂ ਕੰਗ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਕੇਂਦਰ ਦੇ ਇਸ਼ਾਰਿਆਂ ਉੱਪਰ ਚੱਲ ਲਗਾਤਾਰ ਪੰਜਾਬ ਅਤੇ ਪੰਜਾਬ ਸਰਕਾਰ ਖਿਲਾਫ ਸਾਜ਼ਿਸ਼ਾਂ ਕਰ ਰਹੇ ਹਨ। ਇਸ ਵਿੱਚ ਵਿਰੋਧੀ ਧਿਰ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਕੰਗ ਨੇ ਸਵਾਲ ਕੀਤਾ ਕਿ ਪੰਜਾਬ ਦੀਆਂ ਸਰਹੱਦਾਂ ਸਮੇਤ ਸੂਬੇ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਖੁਦ ਨੂੰ ਪੰਜਾਬ ਹਿਤੈਸ਼ੀ ਪੇਸ਼ ਕਰਨ ਵਾਲੇ ਗਵਰਨਰ ਸਾਬ੍ਹ ਕੀ ਕਦੇ ਕੇਂਦਰ ਸਰਕਾਰ ਨੂੰ ਇਹ ਸਵਾਲ ਕਰ ਸਕਦੇ ਹਨ ਕਿ ਉਸ ਨੇ ਸੂਬੇ ਦੇ ਆਰ ਡੀ ਐੱਫ ਅਤੇ ਨੈਸ਼ਨਲ ਹੈੱਲਥ ਮਿਸ਼ਨ ਦਾ ਪੈਸਾ ਕਿਉਂ ਰੋਕ ਰੱਖਿਆ ਹੈ? ਕੇਂਦਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ, ਪਰ ਗਵਰਨਰ ਪੰਜਾਬ ਵਿੱਚ ਇਹ ਹਿੰਮਤ ਨਹੀਂ ਕਿ ਉਹ ਮੋਦੀ ਸਰਕਾਰ ਖਿਲਾਫ ਕੁਝ ਕਹਿ ਸਕਣ। ਗਵਰਨਰ ਦੇ ਪੰਜਾਬ ਦੌਰਿਆਂ ’ਤੇ ਸਵਾਲ ਚੁੱਕਦਿਆਂ ਕੰਗ ਨੇ ਕਿਹਾ ਕਿ ਗੁਜਰਾਤ ਵਰਗੇ ਵੱਡੇ ਸਰਹੱਦੀ ਸੂਬੇ ਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਜਿੱਥੋਂ ਆਏ ਦਿਨ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਆਏ ਦਿਨ ਕਤਲ ਹੋ ਰਹੇ ਹਨ, ਦਲਿਤ ਧੀਆਂ-ਭੈਣਾਂ ਨਾਲ ਬਲਾਤਕਾਰ ਹੁੰਦੇ ਹਨ, ਪਰ ਤਾਂ ਵੀ ਉੱਥੋਂ ਦੇ ਗਵਰਨਰਾਂ ਵਿੱਚ ਐਨੀ ਹਿੰਮਤ ਨਹੀਂ ਕਿ ਉਹ ਕੁਝ ਬੋਲਣ, ਪਰ ਪੰਜਾਬ ਦੇ ਗਵਰਨਰ ਆਏ ਦਿਨ ਸਿਆਸਤ ਕਰਨ ਦਾ ਬਹਾਨਾ ਲੱਭਦੇ ਹਨ।
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਕੰਗ ਨੇ ਸਵਾਲ ਕੀਤਾ ਕਿ ਖੁਦ ਨੂੰ ਪੰਜਾਬ-ਹਿਤੈਸ਼ੀ ਦੱਸਣ ਵਾਲੀਆਂ ਇਹ ਪਾਰਟੀਆਂ ਉਦੋਂ ਕੁਝ ਕਿਉਂ ਨਹੀਂ ਬੋਲੀਆਂ, ਜਦ ਪਿਛਲੇ ਦਿਨੀਂ ਗਵਰਨਰ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ ’ਤੇ ਸ਼ਰੇਆਮ ਪ੍ਰੈੱਸ ਕਾਨਫਰੰਸ ਕਰਕੇ ਹਰਿਆਣੇ ਨੂੰ ਯੂਨੀਵਰਸਿਟੀ ਵਿੱਚੋਂ ਹਿੱਸਾ ਦੇਣ ਦੀ ਵਕਾਲਤ ਕੀਤੀ ਸੀ। ਉਦੋਂ ਬਾਜਵਾ, ਸੁਖਬੀਰ ਬਾਦਲ ਜਾਂ ਮਜੀਠੀਆ ਨੇ ਕੁਝ ਕਿਉਂ ਨਹੀਂ ਬੋਲਿਆ? ਅੰਤ ਵਿੱਚ ਮਲਵਿੰਦਰ ਕੰਗ ਨੇ ਕਿਹਾ ਕਿ ਦਰਅਸਲ ਪੰਜਾਬ ਦੇ ਗਵਰਨਰ, ਵਿਰੋਧੀ ਪਾਰਟੀਆਂ ਇਹ ਸਭ ਕੇਂਦਰ ਦੇ ਇਸ਼ਾਰੇ ’ਤੇ ਚੱਲ ਪੰਜਾਬ ਵਿਰੁੱਧ ਸਾਜ਼ਿਸ਼ਾਂ ਰਚ ਰਹੇ ਹਨ। ਪੰਜਾਬੀਆਂ ਨੂੰ ਇਨ੍ਹਾਂ ਦੋਗਲੇ ਕਿਰਦਾਰ ਵਾਲੇ ਝੂਠੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

LEAVE A REPLY

Please enter your comment!
Please enter your name here