ਨਵੀਂ ਦਿੱਲੀ : ਸੀ ਬੀ ਆਈ ਨੇ 3 ਜੂਨ ਨੂੰ ਕਰਵਾਈ ਨਰਸਿੰਗ ਅਫਸਰ ਭਰਤੀ ਸਾਂਝੀ ਯੋਗਤਾ ਪ੍ਰੀਖਿਆ (ਐੱਨ ਓ ਆਰ ਸੀ ਈ ਟੀ) ਵਿਚ ਧੋਖਾਧੜੀ ਦੇ ਦੋਸ਼ਾਂ ਹੇਠ ਇਕ ਉਮੀਦਵਾਰ ਅਤੇ ਪ੍ਰੀਖਿਆ ਕੇਂਦਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵੱਲੋਂ ਨਰਸਿੰਗ ਅਫਸਰ ਦੀਆਂ ਆਸਾਮੀਆਂ ਦੀ ਭਰਤੀ ਲਈ ਇਹ ਪ੍ਰੀਖਿਆ ਕਰਵਾਈ ਗਈ ਸੀ। ਸੀ ਬੀ ਆਈ ਨੂੰ ਐਸੋਸੀਏਟ ਡੀਨ (ਪ੍ਰੀਖਿਆਵਾਂ) ਏਮਜ਼ ਨਵੀਂ ਦਿੱਲੀ ਡਾ. ਨਵਲ ਵਿਕਰਮ ਤੋਂ ਹਰਿਆਣਾ ਦੀ ਉਮੀਦਵਾਰ ਰਿਤੂ ਅਤੇ ਪੰਜਾਬ ’ਚ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਰੁੱਧ ਸ਼ਿਕਾਇਤ ਪ੍ਰਾਪਤ ਹੋਈ ਹੈ। ਦੋਸ਼ ਹੈ ਕਿ 3 ਜੂਨ ਨੂੰ ਹੋਈ ਪ੍ਰੀਖਿਆ ’ਚ ਧੋਖਾਧੜੀ ਕਰਨ ਦੇ ਮਕਸਦ ਨਾਲ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ’ਚ ਕੰਪਿਊਟਰ ਸਿਸਟਮ ਰਾਹੀਂ ਰਿਤੂ ਵੱਲੋਂ ਧੋਖਾਧੜੀ ਕੀਤੀ ਗਈ ਹੈ।
ਪ੍ਰੀਖਿਆ ਕੇਂਦਰਾਂ ’ਚ ਕੈਮਰੇ ਜਾਂ ਸੈੱਲ ਫੋਨ ਬੰਦ ਹੋਣ ਦੇ ਬਾਵਜੂਦ ਪ੍ਰੀਖਿਆ ਤੋਂ ਬਾਅਦ ਪ੍ਰਸ਼ਨ ਪੱਤਰ ਦੀਆਂ ਕਈ ਫੋਟੋਆਂ ਅਤੇ ਸਕਰੀਨਸ਼ਾਟਸ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ। ਮਾਮਲੇ ’ਚ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ।




