ਭਿੱਖੀਵਿੰਡ : ਪੰਜਾਬ ਸਰਕਾਰ ਨਰੇਗਾ ਕੰਮ ਵਿੱਚ ਹੋ ਰਹੀ ਘਪਲੇਬਾਜ਼ੀ ਨੂੰ ਰੋਕੇ ਤੇ ਕੰਮ 100 ਦਿਨ ਦੀ ਥਾਂ 200 ਦਿਨ ਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਘਪਲੇਬਾਜ਼ੀ ਦੀ ਉੱਚ ਪੱਧਰ ’ਤੇ ਪੜਤਾਲ ਹੋਵੇ ਤਾਂ ਇਕੱਲੇ ਭਿੱਖੀਵਿੰਡ ’ਚੋਂ ਕਰੋੜਾਂ ਦਾ ਘਪਲਾ ਨਿਕਲ ਆਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਭਿੱਖੀਵਿੰਡ ਬਲਾਕ ਵਿੱਚ ਸੀ ਪੀ ਆਈ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵੱਲੋਂ ਕਰਾਏ ਨਾਟਕ ਮੇਲੇ ਤੇ ਸਿਆਸੀ ਕਾਨਫਰੰਸ ਵਿੱਚ ਸੰਬੋਧਨ ਕਰਦਿਆਂ ਕੀਤਾ। ਕਾਨਫਰੰਸ ਵਿੱਚ ਵਧੇਰੇ ਗਿਣਤੀ ਨਰੇਗਾ ਕਾਮਿਆਂ ਦੀ ਸੀ। ਮਾੜੀਮੇਘਾ ਨੇ ਕਿਹਾ ਕਿ ਨਰੇਗਾ ਕਾਮਿਆਂ ਨਾਲ ਸਰਕਾਰ ਤੇ ਅਫਸਰਸਾਹੀ ਧ੍ਰੋਹ ਕਮਾ ਰਹੀ ਹੈ। ਹਰ ਪਿੰਡ ਵਿੱਚ 30 ਤੋਂ 32 ਫੀਸਦੀ ਕੰਮ ਹੋਇਆ ਦਿਖਾਇਆ ਜਾਂਦਾ ਹੈ, ਪਰ ਕੰਮ ਕਿਤੇ ਵੀ ਨਹੀਂ ਹੋਇਆ ਹੁੰਦਾ। ਉਹ ਸਿਰਫ ਅਫਸਰਸ਼ਾਹੀ ਨਾਲ ਮਿਲ ਕੇ ਥੱਲੜੇ ਮੁਲਾਜ਼ਮ ਘਪਲੇਬਾਜ਼ੀ ਕਰਦੇ ਹਨ। ਭਿੱਖੀਵਿੰਡ ਬਲਾਕ ਵਿੱਚ ਇੱਕ ਅਜਿਹਾ ਪਿੰਡ ਹੈ, ਜੋ ਕਸਬਾ ਰੂਪੀ ਹੈ, ਉਸ ਪਿੰਡ ਵਿੱਚ ਸੌ ਫੀਸਦੀ ਜਾਲ੍ਹੀ ਲੇਬਰ ਕਾਗਜ਼ਾਂ ਵਿੱਚ ਲਾ ਕੇ ਪੈਸੇ ਹੜੱਪ ਲਏ ਜਾਂਦੇ ਹਨ। ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਲੇਬਰ ਵਿੱਚ ਉਹ ਔਰਤਾਂ ਕੰਮ ਕਰਦੀਆਂ ਦਿਖਾਈਆਂ ਗਈਆਂ ਹਨ, ਜਿਹੜੀਆਂ ਦਸ-ਦਸ ਹਜ਼ਾਰ ਦੀਆਂ ਸਾੜ੍ਹੀਆਂ ਪਹਿਨਦੀਆਂ ਹਨ। ਆਦਮੀ ਉਹ ਹਨ, ਜਿਹੜੇ ਕਾਰ ਤੋਂ ਥੱਲੇ ਪੈਰ ਹੀ ਨਹੀਂ ਧਰਦੇ। ਸਰਕਾਰੀ ਮੁਲਾਜ਼ਮ ਕੰਮ ਕਰਦੇ ਕਾਮਿਆਂ ਦੀ ਵੀਡੀਓ ਵੀ ਬਣਾਉਂਦੇ ਹਨ, ਪਰ ਜਦੋਂ ਅਫਸਰਾਂ ਕੋਲ ਸਾੜ੍ਹੀ ਲਾਈ ਔਰਤਾਂ ਦੀ ਵੀਡੀਓ ਜਾਂਦੀ ਹੈ, ਫਿਰ ਵੀ ਅਫਸਰਸਾਹੀ ਚੁੱਪ ਹੈ। ਸੀ ਪੀ ਆਈ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਘਪਲੇਬਾਜ਼ੀ ਰੁਕੇ ਪਰ ਰੁਕੇ ਕਿਸ ਤਰ੍ਹਾਂ, ਤੰਦ ਨਹੀਂ ਤਾਣੀ ਵਿਗੜੀ ਹੈ। ਥੱਲੇ ਤੋਂ ਲੈਕੇ ਉੱਪਰ ਤੱਕ ਰਿਸ਼ਵਤ ਦਾ ਪੈਸਾ ਜਾਂਦਾ ਹੈ। ਬੜੀ ਹੈਰਾਨੀ ਹੈ ਕਿ ਸੀ ਪੀ ਆਈ ਦੇ ਆਗੂਆਂ ਨੂੰ ਅੱਗੋਂ ਮੁਲਾਜ਼ਮ ਕਹਿੰਦੇ ਹਨ ਕਿ ਸਾਡੇ ਵੀ ਕੁਝ ਬੰਦੇ ਲੱਗ ਲੈਣ ਦਿਓ, ਅਸੀਂ ਵੀ ’ਤੇ ਰੋਟੀ ਖਾਣੀ ਹੈ। ਕਹਿਣ ਵਾਲਿਆਂ ਵਿੱਚ ਕੱਚੇ ਤੇ ਪੱਕੇ ਦੋਵੇਂ ਤਰ੍ਹਾਂ ਦੇ ਮੁਲਾਜ਼ਮ ਹਨ।
ਮਾੜੀਮੇਘਾ ਨੇ ਕਿਹਾ ਕਿ ਪਿੰਡ ਮਾੜੀਮੇਘਾ, ਤੱਤਲੇ, ਸਾਂਡਪੁਰਾ, ਭਗਵਾਨਪੁਰਾ, ਭਾਈ ਲੱਧੂ ਕਲਾਂ ਤੇ ਖੁਰਦ, ਮਾੜੀ ਕੰਬੋਕੀ ਆਦਿ ਪਿੰਡਾਂ ਦੇ ਜਿਨ੍ਹਾਂ ਵਰਕਰਾਂ ਨੇ ਪਿਛਲੇ ਸਾਲ ਕੰਮ ਕੀਤਾ ਸੀ, ਉਨ੍ਹਾਂ ਨੂੰ ਕੋਈ ਪੈਸਾ ਹੀ ਨਹੀਂ ਮਿਲਿਆ, ਕੰਮ ਉਹ ਕਰਦੇ ਰਹੇ, ਹਾਜ਼ਰੀ ਉਨ੍ਹਾਂ ਦੀ ਲਗਦੀ ਰਹੀ, ਪਰ ਮੁਲਾਜ਼ਮ ਪੈਸੇ ਆਪਣੇ ਚਹੇਤਿਆਂ ਦੇ ਖਾਤਿਆਂ ਵਿੱਚ ਪਾ ਕੇ ਹੜੱਪ ਗਏ। ਤਤਲੇ ਪਿੰਡ ਦੇ ਨਰੇਗਾ ਕਾਮੇਂ ਇਸ ਲਈ ਕੰਮ ਨਹੀਂ ਕਰ ਰਹੇ ਕਿ ਪੈਸਾ ਤੇ ਕੋਈ ਮਿਲਣਾ ਨਹੀਂ, ਅਸੀਂ ਕਿਸਾਨਾਂ ਦਾ ਕੰਮ ਕਰਕੇ ਰੋਟੀ ਤੇ ਖਾ ਲੈਨੇ ਹਾਂ, ਸਰਕਾਰ ਦੇ ਕੰਮ ’ਤੇ ਤਾਂ ਰੋਟੀ ਵੀ ਘਰੋਂ ਖੜਨੀ ਪੈਂਦੀ ਹੈ। ਜੇ ਸਰਕਾਰ ਨੇ ਇਹਨਾਂ ਗਰੀਬਾਂ ਦਾ ਖੂਨ ਪੀਣ ਵਾਲਿਆਂ ਨੂੰ ਨੱਥ ਨਾ ਪਾਈ ਤਾਂ ਜਲਦੀ ਪੜਾਅਵਾਰ ਸੰਘਰਸ਼ ਆਰੰਭ ਦਿੱਤਾ ਜਾਵੇਗਾ।
ਸਮਾਗਮ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਕਾਰਜਕਾਰੀ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਪੰਜਾਬ ਇਸਤਰੀ ਸਭਾ ਦੀ ਸੁਬਾਈ ਆਗੂ ਰੁਪਿੰਦਰ ਕੌਰ ਮਾੜੀਮੇਘਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਅਲਗੋਂ, ਪੰਜਾਬ ਕਿਸਾਨ ਸਭਾ ਦੇ ਆਗੂ ਰਛਪਾਲ ਸਿੰਘ ਬਾਠ, ਏਟਕ ਦੇ ਆਗੂ ਪੂਰਨ ਸਿੰਘ ਮਾੜੀਮੇਘਾ ਤੇ ਬਲਦੇਵ ਰਾਜ ਭਿੱਖੀਵਿੰਡ, ਸੁਖਦੇਵ ਸਿੰਘ ਕਾਲਾ, ਰਸਾਲ ਸਿੰਘ ਪਹੂਵਿੰਡ, ਜਸਪਾਲ ਸਿੰਘ ਭਿੱਖੀਵਿੰਡ, ਜਸਪਾਲ ਸਿੰਘ ਕਲਸੀਆਂ ਤੇ ਕਾਬਲ ਸਿੰਘ ਖਾਲੜਾ ਨੇ ਵੀ ਸੰਬੋਧਨ ਕੀਤਾ।





