ਲੁਧਿਆਣਾ : ਪੁਲਸ ਨੇ ਸੀ ਐੱਮ ਐੱਸ ਕੰਪਨੀ ’ਚ 8 ਕਰੋੜ 49 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆਂ ਪੰਜ ਕਰੋੜ ਰੁਪਏ ਬਰਾਮਦ ਕਰ ਲਏ ਹਨ। ਕੰਪਨੀ ਦੇ ਡਰਾਈਵਰ ਪਿੰਡ ਅੱਬੂਵਾਲ ਦੇ ਮਨਜਿੰਦਰ ਸਿੰਘ ਉਰਫ ਮਨੀ ਨੇ ਕਥਿਤ ਪੇ੍ਰਮਿਕਾ ਮਨਦੀਪ ਕੌਰ ਨਾਲ ਮਿਲ ਕੇ ਹੀ ਲੁੱਟ ਦੀ ਯੋਜਨਾ ਬਣਾਈ ਸੀ। ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ’ਚ ਮਨੀ ਤੋਂ ਇਲਾਵਾ ਮਨਦੀਪ ਸਿੰਘ ਪਿੰਡ ਕੋਠੇਹਾਰੀ, ਜਗਰਾਓਂ, ਹਰਵਿੰਦਰ ਸਿੰਘ ਜਗਰਾਓਂ, ਪਰਮਜੀਤ ਸਿੰਘ ਪਿੰਡ ਕਾਉਂਕੇ ਕਲਾਂ ਤੇ ਹਰਪ੍ਰੀਤ ਸਿੰਘ ਵਾਸੀ ਡੇਹਲੋਂ ਹਨ। ਜਿਨ੍ਹਾਂ ਦੀ ਗਿ੍ਰਫਤਾਰੀ ਬਾਕੀ ਹੈ, ਉਨ੍ਹਾਂ ’ਚ ਪੂਰੇ ਕੇਸ ਦੀ ਮਾਸਟਰਮਾਈਂਡ ਮਨਦੀਪ ਕੌਰ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਸ਼ਨ ਅਤੇ ਨੰਨੀ ਸ਼ਾਮਲ ਹਨ।
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਬੁੱਧਵਾਰ ਦੱਸਿਆ ਕਿ ਵਾਰਦਾਤ ਵਿਚ 10 ਜਣੇ ਸ਼ਾਮਲ ਸਨ। ਮਨਦੀਪ ਕੌਰ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਲੁੱਟ ਵਿਚ ਮਨਦੀਪ ਕੌਰ ਦਾ ਪਤੀ ਤੇ ਭਰਾ ਵੀ ਸ਼ਾਮਲ ਦੱਸਿਆ ਗਿਆ ਹੈ। ਪੁਲਸ ਕਮਿਸ਼ਨਰ ਮੁਤਾਬਕ ਮਨਦੀਪ ਕੌਰ ਤੇ ਮਨੀ, ਜੋ ਚਾਰ ਸਾਲ ਤੋਂ ਕੰਪਨੀ ਵਿਚ ਸੀ, ਨੇ 8 ਹੋਰਨਾਂ ਨੂੰ ਅਮੀਰ ਬਣਾਉਣ ਦਾ ਸੁਫਨਾ ਦਿਖਾ ਕੇ ਨਾਲ ਰਲਾਇਆ। ਦੋ ਮਡਿਊਲ ਬਣਾਏ ਗਏ। ਇਕ ਵਿਚ ਮਨੀ ਸਣੇ ਦੋ ਬਾਈਕਾਂ ’ਤੇ ਪੰਜ ਜਣੇ ਆਏ। ਦੂਜੇ ਵਿਚ ਮਨਦੀਪ ਕੌਰ ਤੇ ਉਸ ਦੇ ਚਾਰ ਸਾਥੀ ਸਨ। ਮਨੀ ਤੇ ਮਨਦੀਪ ਜਨਵਰੀ ਤੋਂ ਯੋਜਨਾ ਬਣਾ ਰਹੇ ਸਨ। ਮਨੀ ਨੂੰ ਪਤਾ ਸੀ ਕਿ ਸ਼ਨੀਵਾਰ ਤੇ ਐਤਵਾਰ ਏ ਟੀ ਐੱਮ ਵਿਚ ਕੈਸ਼ ਨਹੀਂ ਪਾਇਆ ਜਾਂਦਾ ਤੇ ਸ਼ੁੱਕਰਵਾਰ ਕੈਸ਼ ਵੱਧ ਹੁੰਦਾ ਹੈ। ਇਸੇ ਕਰਕੇ ਸ਼ੁੱਕਰਵਾਰ ਵਾਰਦਾਤ ਕੀਤੀ। ਸਾਰੇ ਮੁਲਜ਼ਮਾਂ ਨੇ ਮੋਬਾਇਲ ਇਸਤੇਮਾਲ ਨਹੀਂ ਕੀਤੇ। ਇਸੇ ਕਰਕੇ ਲੋਕੇਸ਼ਨ ਜ਼ਰੀਏ ਇਨ੍ਹਾਂ ਨੂੰ ਟਰੇਸ ਨਹੀਂ ਕੀਤਾ ਜਾ ਸਕਿਆ। ਮਨਦੀਪ ਕੌਰ ਦੇ ਭਰਾ ਨੇ ਇੰਸਟਾਗ੍ਰਾਮ ’ਤੇ ਨੋਟਾਂ ਦੀ ਰੀਲ ਪਾਈ ਸੀ, ਜਿਸ ਵਿਚ 500 ਰੁਪਏ ਦੇ ਨਵੇਂ ਨੋਟਾਂ ਦੀਆਂ ਦੱਥੀਆਂ ਕਾਰ ਦੇ ਡੈਸ਼ ਬੋਰਡ ’ਤੇ ਰੱਖੀਆਂ ਸਨ। ਇਸ ਨਾਲ ਪੁਲਸ ਨੂੰ ਸ਼ੱਕ ਹੋਇਆ। ਲੁਟੇਰੇ ਜਿਸ ਕੈਸ਼ ਵੈਨ ’ਚ ਰਕਮ ਲੈ ਕੇ ਗਏ, ਉਸ ਦਾ ਫਲਿੱਕਰ ਚੱਲ ਰਿਹਾ ਸੀ, ਜਿਸ ਬਾਰੇ ਕੋਈ ਜਾਣਕਾਰ ਜਾਂ ਡਰਾਈਵਰ ਹੀ ਜਾਣਦਾ ਹੈ। ਇਸ ਕਰਕੇ ਕੰਪਨੀ ਦੇ ਮੁਲਾਜ਼ਮ ’ਤੇ ਸ਼ੱਕ ਸੀ। ਵਾਰਦਾਤ ਵਾਲੇ ਦਿਨ ਵੀ ਮਨੀ ਗੱਡੀ ਚਲਾ ਰਿਹਾ ਸੀ। ਲੁੱਟ ਦੀ ਰਕਮ ਬਾਰੇ ਘਚੋਲਾ ਹੈ। ਲੁਟੇਰਿਆਂ ਨੇ ਕਿਹਾ ਕਿ ਦੋ ਬੈਗਾਂ ਵਿਚ 3-3 ਕਰੋੜ ਅਤੇ ਤੀਜੇ ਬੈਗ ਵਿਚ ਡੀ ਵੀ ਆਰ ਲੈ ਕੇ ਗਏ ਸਨ। ਕੰਪਨੀ ਨੇ ਪਹਿਲਾਂ 7 ਕਰੋੜ ਤੇ ਫਿਰ 8 ਕਰੋੜ 49 ਲੱਖ ਦੀ ਲੁੱਟ ਦੱਸੀ। ਪੁਲਸ ਮੁਤਾਬਕ ਸਾਰੇ ਲੁਟੇਰੇ ਫੜੇ ਜਾਣ ’ਤੇ ਰਕਮ ਬਾਰੇ ਸਪੱਸ਼ਟ ਹੋਵੇਗਾ। ਮਨੀ ਰਾਤੋ-ਰਾਤ ਅਮੀਰ ਹੋਣਾ ਚਾਹੁੰਦਾ ਸੀ। ਦੂਜੇ ਮੁਲਜ਼ਮਾਂ ਦਾ ਵੀ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈ। ਸਭ ਨੂੰ ਅਮੀਰ ਬਣਨ ਦਾ ਸੁਫਨਾ ਦਿਖਾਇਆ ਗਿਆ। ਪੁਲਸ ਕਮਿਸ਼ਨਰ ਸਿੱਧੂ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁੱਛਿਆ ਸੀ ਕਿ ਏਨੀ ਵੱਡੀ ਵਾਰਦਾਤ ਕਿਵੇਂ ਹੋ ਗਈ। ਬਾਅਦ ਵਿਚ ਉਨ੍ਹਾ ਪੂਰੀ ਸਪੋਰਟ ਕੀਤੀ ਤੇ ਮਾਮਲਾ ਹੱਲ ਕਰ ਲਿਆ ਗਿਆ।





