ਗੁਰਦਾਸਪੁਰ (ਜਨਕ ਮਹਾਜਨ)
ਗੁਰਦਾਸਪੁਰ ਪੁਲਸ ਨੇ ਅੱਤਵਾਦੀ ਰਿੰਦਾ ਅਤੇ ਗੈਂਗਸਟਰਾਂ ਨਾਲ ਸੰਬੰਧ ਰੱਖਣ ਵਾਲੇ ਅੰਤਰਰਾਸ਼ਟਰੀ ਗਰੋਹ ਦੇ 5 ਮੈਂਬਰਾਂ ਨੂੰ 2 ਨਜਾਇਜ਼ ਪਿਸਤੌਲਾਂ, 40 ਲੱਖ 65 ਹਜ਼ਾਰ ਰੁਪਏ ਦੀ ਡਰੱਗ ਮਨੀ, 2 ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਡੀ ਆਈ ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੇ ਦੱਸਿਆ ਕਿ ਗਰੋਹ ਦਾ ਸਰਗਨਾ ਗੁਰ ਲਾਲ ਗਾਂਧੀ ਦੁਬਈ ਵਿੱਚ ਬੈਠ ਕੇ ਇਸ ਗਰੋਹ ਨੂੰ ਚਲਾ ਰਿਹਾ ਸੀ। ਇਸ ਗਰੋਹ ਦੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਅਤੇ ਅੱਤਵਾਦੀ ਰਿੰਦਾ ਨਾਲ ਵੀ ਸੰਬੰਧ ਹਨ, ਜੋ ਕਿ ਪਾਕਿਸਤਾਨ ਤੋਂ ਡਰੋਨ ਜ਼ਰੀਏ ਹੈਰੋਇਨ ਦੀ ਖੇਪ ਭਾਰਤ ਮੰਗਵਾਉਂਦੇ ਸਨ। ਗਰੋਹ ਦਾ ਇਕ ਮੈਂਬਰ ਬਿੱਕਾ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ।




