ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾ ਨੂੰ ਪਾਗਲ ਕਹਿਣ ’ਤੇ ਮੋੜਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਸੁਖਬੀਰ ਦੀ ਵੀਡੀਓ ਟਵੀਟ ਕਰਦਿਆਂ ਕਿਹਾ-ਆਹ ਦੇਖੋ ਪੰਜਾਬੀਓ, ਇਨ੍ਹਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ! ਬਾਦਲ ਵੀ ਸਾਹਬ, ਬਰਨਾਲਾ ਵੀ ਸਾਹਬ, ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ, ਮੈਨੂੰ ਪਾਗਲ ਜਿਹਾ, ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ, ਮੇਰੇ ਨਾਲ ਲੋਕ ਨੇ, ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ।
ਸੁਖਬੀਰ ਬਾਦਲ ਪਿਛਲੇ ਦਿਨੀਂ ਇਕ ਗੁਰਦੁਆਰੇ ’ਚ ਪੁਰਾਣੇ ਮੁੱਖ ਮੰਤਰੀਆਂ ਦੇ ਕਾਰਜਕਾਲ ਗਿਣਵਾ ਰਹੇ ਸਨ। ਉਨ੍ਹਾ ਕਿਹਾ-ਜਦੋਂ ਤੋਂ ਪੰਜਾਬ ਬਣਿਆ ਹੈ, ਚਾਰ ਹੀ ਮੁੱਖ ਮੰਤਰੀ ਰਹੇ। ਤਿੰਨ ਸੀ ਐੱਮ ਹੀ ਸਮਝੋ, ਕਿਉਕਿ ਸਾਬਕਾ ਸੀ ਐੱਮ ਸੁਰਜੀਤ ਸਿੰਘ ਬਰਨਾਲਾ ਮਹਿਜ਼ ਢਾਈ ਸਾਲ ਹੀ ਰਹੇ, ਪਰ ਬਾਦਲ ਸਾਹਿਬ ਕਰੀਬ 20 ਸਾਲ, ਕੈਪਟਨ ਅਮਰਿੰਦਰ ਸਿੰਘ 10 ਸਾਲ ਅਤੇ ਬੇਅੰਤ ਸਿੰਘ 5 ਸਾਲ ਰਹੇ। ਇਹ ਜਿਹੜਾ ਅੱਜ ਵਾਲਾ ਹੈ ਪਾਗਲ ਜਿਹਾ, ਮੈਨੂੰ ਲੱਗਦਾ ਹੈ ਕਿ ਇਕ ਸਾਲ ਹੀ ਹੋਇਆ ਹੈ।
ਇਸੇ ਦੌਰਾਨ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਇਕ ਵੀਡੀਓ ਜਾਰੀ ਕਰਕੇ ਸੁਖਬੀਰ ਬਾਦਲ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੱਤਾ ’ਚ ਰਹਿੰਦਿਆਂ ਜਨਤਾ ਦੇ ਟੈਕਸਾਂ ਦੇ ਪੈਸੇ ਨਾਲ ਅਰਬਾਂ-ਖਰਬਾਂ ਦੀ ਜਾਇਦਾਦ ਬਣਾਈ ਹੈ, ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਸਿਆਸਤ ਕਾਰਨ ਇਨ੍ਹਾਂ ਲੋਕਾਂ ਦੀ ਸੱਤਾ ਦੀ ਦੁਕਾਨ ਬੰਦ ਹੋ ਗਈ ਹੈ। ਇਸੇ ਲਈ ਇਹ ਲੋਕ ਘਬਰਾਹਟ ਵਿਚ ਅਜਿਹੀਆਂ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰ ਰਹੇ ਹਨ।
ਕੰਗ ਨੇ ਆਪਣੀ ਵੀਡੀਓ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਤਾਪ ਬਾਜਵਾ ਨੇ ਦਲਿਤ ਭਾਈਚਾਰੇ ਨਾਲ ਸੰਬੰਧਤ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵੀ ਮੋਬਾਇਲ ਚਾਰਜਰ ਕਹਿ ਕੇ ਮਜ਼ਾਕ ਉਡਾਇਆ ਸੀ ਅਤੇ ਹੁਣ ਗੁਰਦੁਆਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਿੰਨ ਕਰੋੜ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸੁਖਬੀਰ ਬਾਦਲ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਇਹ ਬਹੁਤ ਹੀ ਨਿੰਦਣਯੋਗ ਹੈ।
ਅਸਲ ਵਿੱਚ ਇਹ ਧਨਾਢ ਅਤੇ ਜਗੀਰਦਾਰ ਰਾਜਸੀ ਪਰਵਾਰ ਗੱਦੀ ਨੂੰ ਆਪਣਾ ਜਨਮ-ਸਿੱਧ ਹੱਕ ਸਮਝਦੇ ਹਨ। ਇੱਕ ਸਾਧਾਰਨ ਕਿਸਾਨ ਪਰਵਾਰ ਅਤੇ ਇੱਕ ਅਧਿਆਪਕ ਦੇ ਪੁੱਤਰ ਦਾ ਮੁੱਖ ਮੰਤਰੀ ਬਣਨਾ ਇਨ੍ਹਾਂ ਨੂੰ ਪਚ ਨਹੀਂ ਰਿਹਾ। ਆਮ ਘਰਾਂ ਦੇ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬੇਹੱਦ ਨਿਰਾਸ਼ਾ ਵਿੱਚ ਡਿੱਗੇ ਇਹ ਲੋਕ ਗੁੱਸੇ ਵਿੱਚ ਆਪਣਾ ਮਾਨਸਕ ਸੰਤੁਲਨ ਗੁਆ ਚੁੱਕੇ ਹਨ। ਕੰਗ ਨੇ ਕਾਂਗਰਸ ਅਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੇ ਅਤੇ ਨਿਹੱਥੀ ਸਿੱਖ ਸੰਗਤ ’ਤੇ ਗੋਲੀਆਂ ਚਲਾਉਣ ਵਾਲੇ ਅੱਜ ਆਪਣੀ ਸਿਆਸੀ ਦੁਕਾਨਦਾਰੀ ਬਚਾਉਣ ਲਈ ਇਕੱਠੇ ਹੋਏ ਹਨ, ਪਰ ਇਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਹੋਣਾ ਹੈ।