ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਨਾਬਾਲਗ ਭਲਵਾਨ ਦੇ ਯੌਨ ਸ਼ੋਸ਼ਣ ਦੇ ਕੇਸ ਵਿਚ ਦਿੱਲੀ ਪੁਲਸ ਤੋਂ ਕਲੀਨ ਚਿੱਟ ਮਿਲ ਗਈ ਹੈ। ਪੁਲਸ ਨੇ ਵੀਰਵਾਰ ਪਟਿਆਲਾ ਹਾਊਸ ਕੋਰਟ ’ਚ ਇਸ ਮਾਮਲੇ ’ਚ 550 ਸਫਿਆਂ ਦੀ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ।
ਪੁਲਸ ਨੇ 6 ਬਾਲਗ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਰਾਊਜ ਐਵੇਨਿਊ ਕੋਰਟ ’ਚ ਕਰੀਬ ਇਕ ਹਜ਼ਾਰ ਸਫਿਆਂ ਦੀ ਚਾਰਜਸ਼ੀਟ ਪੇਸ਼ ਕੀਤੀ। ਮੁਲਜ਼ਮਾਂ ਵਿਚ ਫੈਡਰੇਸ਼ਨ ਦੇ ਅਸਿਸਟੈਂਟ ਸੈਕਟਰੀ ਵਿਨੋਦ ਤੋਮਰ ਦਾ ਨਾਂਅ ਵੀ ਹੈ।
ਦਰਅਸਲ 7 ਮਹਿਲਾ ਭਲਵਾਨਾਂ ਨੇ 21 ਅਪ੍ਰੈਲ ਨੂੰ ਦਿੱਲੀ ਪੁਲਸ ਕੋਲ ਸ਼ਿਕਾਇਤ ਕੀਤੀ ਸੀ। ਦਿੱਲੀ ਪੁਲਸ ਨੇ 28 ਅਪ੍ਰੈਲ ਨੂੰ ਦੋ ਮਾਮਲੇ ਦਰਜ ਕੀਤੇ ਸਨ। ਪਹਿਲਾ ਮਾਮਲਾ 6 ਬਾਲਗ ਭਲਵਾਨਾਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਤੇ ਦੂਜਾ ਨਾਬਾਲਗ ਦੀ ਸ਼ਿਕਾਇਤ ’ਤੇ। ਦਿੱਲੀ ਪੁਲਸ ਨੇ ਮਾਮਲਾ ਖਤਮ ਕਰਨ ਦੀ ਮੰਗ ਕਰਨ ਵਾਲੀ ਰਿਪੋਰਟ ’ਚ ਕਿਹਾ ਹੈ ਕਿ ਜਾਂਚ ਵਿਚ ਨਾਬਾਲਗਾ ਨਾਲ ਯੌਨ ਸ਼ੋਸ਼ਣ ਦੇ ਸਬੂਤ ਨਹੀਂ ਮਿਲੇ, ਇਸ ਕਰਕੇ ਮਾਮਲਾ ਬੰਦ ਕਰ ਰਹੇ ਹਾਂ। ਦਿੱਲੀ ਪੁਲਸ ਦੀ ਤਰਜਮਾਨ ਸੁਮਨ ਨਲਵਾ ਨੇ ਕਿਹਾ ਕਿ ਪੋਕਸੋ ਮਾਮਲੇ ਵਿਚ ਪੀੜਤਾ ਦੇ ਪਿਤਾ ਤੇ ਖੁਦ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਰੱਦ ਕਰਨ ਲਈ ਕੋਰਟ ਤੋਂ ਅਪੀਲ ਕੀਤੀ ਹੈ। ਨਾਬਾਲਗਾ ਨੇ ਪਹਿਲਾਂ ਬਿ੍ਰਜ ਭੂਸ਼ਣ ’ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਸਨ, ਪਰ ਬਾਅਦ ਵਿਚ ਮੁੱਕਰਦਿਆਂ ਬਿਆਨ ਦਿੱਤਾ ਕਿ ਉਸ ਦਾ ਯੌਨ ਸ਼ੋਸ਼ਣ ਨਹੀਂ ਹੋਇਆ, ਕੁਸ਼ਤੀ ਟਰਾਇਲ ’ਚ ਵਿਤਕਰਾ ਹੋਇਆ ਸੀ। ਕੋਰਟ ਚਾਰ ਜੁਲਾਈ ਨੂੰ ਸੁਣਵਾਈ ਕਰਕੇ ਤੈਅ ਕਰੇਗੀ ਕਿ ਬਿ੍ਰਜ ਭੂਸ਼ਣ ਖਿਲਾਫ ਪੋਕਸੋ ਐਕਟ ’ਚ ਕੇਸ ਚੱਲੇਗਾ ਕਿ ਨਹੀਂ। ਸੁਮਨ ਨਲਵਾ ਨੇ ਕਿਹਾ ਕਿ ਬਾਲਗ ਭਲਵਾਨਾਂ ਦੇ ਮਾਮਲੇ ਵਿਚ ਬਿ੍ਰਜ ਭੂਸ਼ਣ ਖਿਲਾਫ ਧਾਰਾ 354, 353-ਏ ਤੇ ਡੀ ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ। ਵਿਨੋਦ ਤੋਮਰ ਦੇ ਖਿਲਾਫ ਧਾਰਾ 109, 354, 354-ਏ ਤੇ 506 ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ।
ਇਸ ਮਾਮਲੇ ਦੀ ਸੁਣਵਾਈ 22 ਜੂਨ ਨੂੰ ਹੋਵੇਗੀ। ਬਿ੍ਰਜ ਭੂਸ਼ਣ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਹਿ ਚੁੱਕਾ ਹੈ ਕਿ ਜੇ ਉਸ ’ਤੇ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਉਹ ਫਾਂਸੀ ’ਤੇ ਚੜ੍ਹ ਜਾਵੇਗਾ।