ਮੋਗਾ : ਕੋਟਕਪੂਰਾ ਰੋਡ ’ਤੇ ਸ਼ਹਿਰ ਦੀ ਹੱਦ ’ਤੇ ਪੈਂਦੇ ਪਿੰਡ ਸਿੰਘਾਂਵਾਲਾ ਨੇੜੇ ਵੀਰਵਾਰ ਸਵੇਰੇ ਕਾਰ-ਮੋਟਰਸਾਈਕਲ ਦਰਮਿਆਨ ਟੱਕਰ ’ਚ ਇੱਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕਰਨਾ ਪਿਆ। ਧਰਮਕੋਟ ਨੇੜਲੇ ਪਿੰਡ ਦਾਤਾ ਵਾਸੀ ਤਰਸੇਮ ਸਿੰਘ (35) ਮੋਟਰਸਾਈਕਲ ਉੱਤੇ ਪਤਨੀ ਵਿੱਕੀ ਕੌਰ, 6 ਸਾਲਾ ਪੁੱਤ ਗੁਰਮਨ ਸਿੰਘ ਅਤੇ ਮਾਂ ਹਰਵਿੰਦਰ ਕੌਰ ਉਰਫ ਬਿੰਦਰ ਕੌਰ (57) ਨਾਲ ਬਾਘਾ ਪੁਰਾਣਾ ਨੇੜਲੇ ਕਿਸੇ ਪਿੰਡ ਵਿਚ ਧਾਰਮਕ ਸਥਾਨ ਉੱਤੇ ਜਾ ਰਿਹਾ ਸੀ। ਸਾਹਮਣੇ ਤੋਂ ਆ ਰਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਕਾਰ ਸੜਕ ਦੇ ਦੂਜੇ ਪਾਸੇ ਜਾ ਕੇ ਦਰੱਖਤ ਨਾਲ ਜਾ ਟਕਰਾਈ। ਤਰਸੇਮ ਸਿੰਘ, ਗੁਰਮਨ ਸਿੰਘ ਅਤੇ ਹਰਵਿੰਦਰ ਕੌਰ ਦੀ ਮੌਕੇ ਉੱਤੇ ਮੌਤ ਹੋ ਗਈ। ਵਿੱਕੀ ਕੌਰ ਗੰਭੀਰ ਜ਼ਖਮੀ ਹੋ ਗਈ। ਹਾਦਸਾ ਓਵਰਟੇਕਿੰਗ ਕਾਰਨ ਹੋਇਆ ਦੱਸਿਆ ਗਿਆ ਹੈ। ਕਾਰ ਅਤੇ ਮੋਟਰਸਾਈਕਲ ਚਕਨਾਚੂਰ ਹੋ ਗਏ। ਪੁਲਸ ਮੁਤਾਬਕ ਕਾਰ ਸਵਾਰ ਸ੍ਰੀਗੰਗਾਨਗਰ ਤੋਂ ਮਾਤਾ ਚਿੰਤਪੁਰਨੀ ਦਰਸ਼ਨ ਲਈ ਜਾ ਰਹੇ ਸਨ ਅਤੇ ਏਅਰ ਬੈਗ ਖੁੱਲ੍ਹਣ ਕਾਰਨ ਉਹ ਵਾਲ-ਵਾਲ ਬਚ ਗਏ।
ਥਾਣਾ ਚੜਿੱਕ ਮੁਖੀ ਬਲਰਾਜ ਸਿੰਘ ਅਤੇ ਏ ਐੱਸ ਆਈ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।