ਫਰੀਦਕੋਟ : ਸ਼ਹਿਰ ਦੀ ਗਰੀਬ ਬਸਤੀ ਦੀਆਂ ਔਰਤਾਂ ਨੇ ਨਸ਼ਾ ਤਸਕਰਾਂ ਵਿਰੁੱਧ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ | ਇਕ ਕਲੋਨੀ ਦੀਆਂ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕਲੋਨੀ ਵਿਚ 20 ਦੇ ਕਰੀਬ ਨਸ਼ਾ ਤਸਕਰ ਸਰਗਰਮ ਹਨ ਅਤੇ ਪੁਲਸ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕਰਨ ਦਾ ਕੋਈ ਅਸਰ ਨਹੀਂ ਹੋਇਆ | ਮਹਿੰਦਰ ਕੌਰ ਅਤੇ ਸ਼ਿੰਦਰ ਕੌਰ ਨੇ ਕਿਹਾ ਕਿ ਉਹ ਡਾਂਗਾਂ ਨਾਲ ਆਪਣੀ ਕਲੋਨੀ ਵਿਚ ਪਹਿਰਾ ਦੇਣਗੀਆਂ | ਔਰਤਾਂ ਨੇ ਦੋਸ਼ ਲਾਇਆ ਕਿ ਪੁਲਸ ਦੇ ਕੁਝ ਅਧਿਕਾਰੀ ਸ਼ਰੇਆਮ ਗਰੀਬ ਬਸਤੀਆਂ ਵਿਚ ਨਸ਼ਾ ਵਿਕਵਾ ਰਹੇ ਹਨ |
ਫਰੀਦਕੋਟ ਦੇ ਐੱਸ ਪੀ ਬਾਲ ਕਿ੍ਸ਼ਨ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀ ਬਾਜ਼ੀਗਰ ਬਸਤੀ ਅਤੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੀਆਂ ਔਰਤਾਂ ਨੇ ਕੁਝ ਪੁਲਸ ਅਧਿਕਾਰੀਆਂ ‘ਤੇ ਨਸ਼ਾ ਵਿਕਾਉਣ ਅਤੇ ਪੈਸੇ ਲੈ ਕੇ ਤਸਕਰਾਂ ਨੂੰ ਛੱਡਣ ਦੇ ਦੋਸ਼ ਲਾਏ ਹਨ | ਜਿਨ੍ਹਾਂ ਪੁਲਸ ਅਧਿਕਾਰੀਆਂ ‘ਤੇ ਇਹ ਦੋਸ਼ ਲਾਏ ਗਏ ਹਨ, ਉਨ੍ਹਾਂ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ | ਅਧਿਕਾਰੀਆਂ ਨੂੰ ਐੱਸ ਐੱਸ ਪੀ ਦੇ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ | ਔਰਤਾਂ ਨੇ ਵੀਰਵਾਰ ਇਸ ਸੰਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਨਸ਼ਾ ਤਸਕਰੀ ਵਿਚ ਸ਼ਾਮਲ ਪੁਲਸ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਵਿਧਾਇਕ ਨੇ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਪੁਲਸ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਇਸ ਸੰਬੰਧੀ ਉਹ ਡੀ ਜੀ ਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਜਾ ਰਹੇ ਹਨ |